ਹੁਸ਼ਿਆਰਪੁਰ: ਨਵੀਂ ਦਿੱਲੀ ਗਣਰਾਜ ਦਿਹਾੜੇ ਮੌਕੇ ਲਾਲ ਕਿਲ੍ਹੇ ਸਮੇਤ ਵੱਖ-ਵੱਖ ਥਾਵਾਂ ’ਤੇ ਕੀਤੀ ਗਈ ਹਿੰਸਾ ਨੂੰ ਲੈ ਕੇ ਦਿੱਲੀ ਪੁਲਿਸ ਦੀ ਕਾਰਵਾਈ ਤੇਜ਼ ਹੋ ਚੁੱਕੀ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਲਾਲ ਕਿਲ੍ਹੇ ’ਤੇ ਹੋਏ ਹਿੰਸਾ ਦੇ ਮਾਮਲੇ ’ਚ ਫਰਾਰ ਚਲ ਰਹੇ ਇਕਬਾਲ ਸਿੰਘ ਨੂੰ ਪੰਜਾਬ ਤੋਂ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਪੁਲਿਸ ਨੇ ਉਸਦੀ ਗ੍ਰਿਫਤਾਰੀ ’ਤੇ 50,000 ਦਾ ਇਨਾਮ ਐਲਾਨਿਆ ਹੋਇਆ ਸੀ।
ਹਿੰਸਾ ਤੋਂ ਬਾਅਦ ਫਰਾਰ ਸੀ ਇਕਬਾਲ
ਇਸ ਮੌਕੇ ਡੀਸੀਪੀ ਸੰਜੀਵ ਯਾਦਵ ਨੇ ਦੱਸਿਆ ਕਿ ਜਿਸ ਸਮੇਂ ਹਿੰਸਾ ਹੋਈ ਸੀ ਉਸ ਸਮੇਂ ਇਕਬਾਲ ਸਿੰਘ ਲਾਲ ਕਿਲ੍ਹੇ ’ਤੇ ਹੀ ਮੌਜੂਦ ਸੀ ਪਰ ਇਸ ਹਿੰਸਾ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ। ਪਰ ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਕਿ ਉਹ ਪੰਜਾਬ ਦੇ ਹੁਸ਼ਿਆਰਪੁਰ ’ਚ ਮੌਜੂਦ ਹੈ। ਜਿਸ ਤੋਂ ਬਾਅਦ ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਛਾਪਾ ਮਾਰ ਇਕਬਾਲ ਸਿੰਘ ਨੂੰ ਹਿਰਾਸਤ ’ਚ ਲੈ ਲਿਆ। ਗ੍ਰਿਫਤਾਰੀ ਤੋਂ ਬਾਅਦ ਇਕਬਾਲ ਨੂੰ ਦਿੱਲੀ ਲਾਇਆ ਗਿਆ ਜਿਸ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ।
ਕ੍ਰਾਈਮ ਬ੍ਰਾਂਚ ਨੂੰ ਸੌਪਿਆ ਜਾਵੇਗਾ ਮੁਲਜ਼ਮ
ਦਿੱਲੀ ਪੁਲਿਸ ਮੁਲਜ਼ਮ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕਰੇਗੀ ਜਿੱਥੇ ਉਸ ਨੂੰ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤਾ ਜਾਵੇਗਾ। ਦੱਸ ਦਈਏ ਕਿ ਲਾਲ ਕਿਲ੍ਹੇ ’ਤੇ ਹੋਈ ਹਿੱਸਾ ਦੀ ਜਾਂਚ ਦਿੱਲੀ ਦੀ ਕ੍ਰਾਈਮ ਬ੍ਰਾਂਚ ਵੱਲੋਂ ਕੀਤੀ ਜਾ ਰਹੀ ਹੈ ਅਤੇ ਦੀਪ ਸਿੱਧੂ ਸਮੇਤ ਹੋਰ ਮੁਲਜ਼ਮਾਂ ਤੋਂ ਵੀ ਇਨ੍ਹਾਂ ਵੱਲੋਂ ਹੀ ਪੁੱਛਗਿੱਛ ਕੀਤੀ ਜਾ ਰਹੀ ਹੈ।