ਮੋਗਾ: ਅੱਜ ਦੇ ਸਮੇਂ 'ਚ ਕੁੜੀਆਂ ਨਾਲੋਂ ਮੁੰਡਿਆਂ ਨੂੰ ਵੱਧ ਮਹੱਤਤਾ ਦਿੱਤੀ ਜਾਂਦੀ ਹੈ ਅਤੇ ਮੁੰਡੇ ਦਾ ਜਨਮ ਹੋਣ 'ਤੇ ਘਰ 'ਚ ਖੁਸ਼ੀਆਂ ਵੀ ਮਨਾਈਆਂ ਜਾਂਦੀਆਂ ਹਨ। ਪਰ ਮੋਗਾ ਵਿੱਚ ਧੀ ਦਾ ਜਨਮ ਹੋਣ 'ਤੇ ਘਰ 'ਚ ਪਟਾਕੇ ਅਤੇ ਢੋਲ ਵਜਾ ਕੇ ਖੁਸ਼ੀ ਮਨਾਈ ਗਈ ਹੈ। ਇਸਦੇ ਨਾਲ ਹੀ, ਮੁੰਡਿਆਂ ਅਤੇ ਕੁੜੀਆਂ 'ਚ ਫਰਕ ਕਰਨ ਵਾਲਿਆ ਨੂੰ ਇਸ ਪਰਿਵਾਰ ਨੇ ਅਪੀਲ ਵੀ ਕੀਤੀ ਹੈ।
ਲੋਹੜੀ ਦਾ ਤਿਉਹਾਰ ਆਉਣ 'ਚ ਇੱਕ ਦਿਨ ਰਹਿ ਗਿਆ ਹੈ। ਲੋਹੜੀ ਤੋਂ ਦੋ ਦਿਨ ਪਹਿਲਾਂ ਹੀ ਮੋਗਾ 'ਚ ਇੱਕ ਘਰ ਵਿੱਚ ਕੁੜੀ ਦਾ ਜਨਮ ਹੋਇਆ। ਕੁੜੀ ਦੇ ਜਨਮ ਨਾਲ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਧੀ ਨੂੰ ਹਸਪਤਾਲ ਤੋਂ ਘਰ ਲਿਜਾਣ ਸਮੇ ਪਰਿਵਾਰ ਨੇ ਢੋਲ ਅਤੇ ਪਟਾਕੇ ਚਲਾ ਕੇ ਧੀ ਦਾ ਸਵਾਗਤ ਕੀਤਾ। ਪਰਿਵਾਰ ਤੋਂ ਇਲਾਵਾ ਰਿਸ਼ਤੇਦਾਰ ਅਤੇ ਇਲਾਕੇ ਦੇ ਰਹਿਣ ਵਾਲੇ ਲੋਕਾਂ ਨੇ ਵੀ ਧੀ ਦਾ ਖੁਸ਼ੀ ਨਾਲ ਸਵਾਗਤ ਕੀਤਾ। ਉਹ ਪਟਾਕੇ ਅਤੇ ਢੋਲ ਵਜਾ ਕੇ ਨੱਚਦੇ-ਗਾਉਂਦੇ ਹੋਏ ਆਪਣੀ ਧੀ ਨੂੰ ਘਰ ਲੈ ਕੇ ਆਏ ਅਤੇ ਸਾਰਿਆਂ ਦਾ ਮਿਠਾਈ ਨਾਲ ਮੂੰਹ ਮਿੱਠਾ ਕਰਵਾਇਆ।
ਜਾਣਕਾਰੀ ਦਿੰਦੇ ਹੋਏ ਨਵਜੰਮੀ ਧੀ ਦੇ ਦਾਦਾ ਹਿੰਮਤ ਸਿੰਘ ਨੇ ਕਿਹਾ ਕਿ ਇੱਕ ਹਫ਼ਤਾ ਪਹਿਲਾਂ ਮੇਰੇ ਵੱਡੇ ਪੁੱਤਰ ਦੇ ਘਰ ਇੱਕ ਪੁੱਤਰ ਅਤੇ ਇੱਕ ਧੀ ਜੁੜਵਾ ਬੱਚਿਆਂ ਨੇ ਜਨਮ ਲਿਆ ਸੀ ਅਤੇ ਅੱਜ ਮੇਰੇ ਛੋਟੇ ਪੁੱਤਰ ਦੇ ਘਰ ਇੱਕ ਧੀ ਦਾ ਜਨਮ ਹੋਇਆ ਹੈ। ਅਸੀਂ ਬਹੁਤ ਖੁਸ਼ ਹਾਂ ਕਿ ਮੇਰੇ ਦੋਵੇਂ ਪੁੱਤਰਾਂ ਦੇ ਘਰ ਲਕਸ਼ਮੀ ਦਾ ਜਨਮ ਹੋਇਆ ਹੈ। ਅੱਜ ਅਸੀਂ ਆਪਣੀ ਧੀ ਨੂੰ ਪਟਾਕੇ ਚਲਾ ਕੇ ਅਤੇ ਢੋਲ ਵਜਾ ਕੇ ਘਰ ਲਿਆਏ ਹਾਂ। ਅਸੀਂ ਮੁੰਡੇ ਅਤੇ ਕੁੜੀ ਵਿੱਚ ਕੋਈ ਫ਼ਰਕ ਨਹੀਂ ਕਰਦੇ। ਲੋਹੜੀ ਦਾ ਤਿਉਹਾਰ ਆ ਰਿਹਾ ਹੈ। ਅਸੀਂ ਸਾਰੇ ਦੋਹਾਂ ਧੀਆਂ ਅਤੇ ਇੱਕ ਮੁੰਡੇ ਦੀ ਲੋਹੜੀ ਮਨਾਵਾਂਗੇ। ਅੱਜ ਕੱਲ ਕੁੜੀਆਂ ਮੁੰਡਿਆਂ ਵਿੱਚ ਕੋਈ ਫਰਕ ਨਹੀਂ ਹੈ। ਧੀਆਂ ਸਗੋਂ ਪੁੱਤਰਾਂ ਨਾਲੋਂ ਜ਼ਿਆਦਾ ਦੁੱਖ ਅਤੇ ਸੁੱਖ ਵਿੱਚ ਨਾਲ ਰਹਿੰਦੀਆਂ ਹਨ।
ਦੂਜੇ ਪਾਸੇ, ਨਵਜੰਮੀ ਧੀ ਦੀ ਦਾਦੀ ਚਰਨਜੀਤ ਕੌਰ ਨੇ ਕਿਹਾ ਕਿ ਅੱਜ ਸਾਡੇ ਘਰ ਇੱਕ ਧੀ ਦਾ ਜਨਮ ਹੋਇਆ ਹੈ। ਪੂਰਾ ਪਰਿਵਾਰ ਬਹੁਤ ਖੁਸ਼ ਹੈ। ਮੇਰੀਆਂ ਵੀ ਤਿੰਨ ਧੀਆਂ ਹਨ। ਮੇਰੀਆਂ ਧੀਆਂ ਹਮੇਸ਼ਾ ਮੇਰੇ ਸੁੱਖ-ਦੁੱਖ ਵਿੱਚ ਮੇਰਾ ਸਾਥ ਦਿੰਦੀਆਂ ਹਨ। ਪਰਮਾਤਮਾ ਨੇ ਸਾਨੂੰ ਆਸ਼ੀਰਵਾਦ ਦਿੱਤਾ ਹੈ ਕਿ ਸਾਡੇ ਘਰ ਧੀ ਦਾ ਜਨਮ ਹੋਇਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕੁਝ ਲੋਕ ਪੁੱਤਰਾਂ ਅਤੇ ਧੀਆਂ ਵਿੱਚ ਫ਼ਰਕ ਸਮਝਦੇ ਹਨ ਪਰ ਉਨ੍ਹਾਂ ਵਿੱਚ ਕੋਈ ਫ਼ਰਕ ਨਹੀਂ ਹੈ, ਸਾਰੇ ਬਰਾਬਰ ਹਨ। ਮੁੰਡਿਆਂ ਅਤੇ ਕੁੜੀਆਂ 'ਚ ਫਰਕ ਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਨੇ ਸਲਾਹ ਦਿੰਦੇ ਹੋਏ ਕਿਹਾ ਕਿ ਕੁੜੀਆਂ ਨੂੰ ਵੀ ਪਹਿਲ ਦਿਓ। ਧੀਆਂ ਦੇ ਜਨਮ 'ਤੇ ਖੁਸ਼ ਹੋਵੋ, ਜਿਵੇਂ ਮੁੰਡੇ ਦੇ ਜਨਮ 'ਤੇ ਹੁੰਦੇ ਹੋ। ਉਨ੍ਹਾਂ ਨੇ ਕਿਹਾ ਕਿ ਜਿਨਾਂ ਅਸੀਂ ਧੀਆਂ ਨੂੰ ਪਿਆਰ ਦੇਵਾਂਗੇ, ਉਨ੍ਹਾਂ ਹੀ ਪਰਮਾਤਮਾ ਸਾਨੂੰ ਤਰੱਕੀਆਂ ਦੇਵੇਗਾ।
ਇਹ ਵੀ ਪੜ੍ਹੋ:-