ਹੁਸ਼ਿਆਰਪੁਰ: ਪੰਜਾਬ ਵਿੱਚ ਸੰਘਣੀ ਧੁੰਦ ਕਾਰਨ ਹਰ ਦਿਨ ਵੱਡੇ ਸੜਕ ਹਾਦਸੇ ਵਾਪਰ ਰਹੇ ਹਨ। ਤਾਜ਼ਾ ਮਾਮਲਾ ਮੁਕੇਰੀਆ ਤੋਂ ਸਾਹਮਣੇ ਆਇਆ ਹੈ। ਇੱਥੇ ਪੰਜਾਬ ਪੁਲਿਸ ਦੀ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਪੰਜਾਬ ਪੁਲਿਸ ਦੀ ਬੱਸ ਖੜੇ ਟਰਾਲੇ ਵਿੱਚ ਜਾ ਵੱਜੀ, ਜਿਸ ਨਾਲ ਮਹਿਲਾ ਕਰਮਚਾਰੀ ਸਣੇ 3 ਪੁਲਿਸ ਕਰਮੀਆਂ ਦੀ ਮੌਤ ਹੋ ਗਈ, ਜਦਕਿ ਹੋਰ ਕਈ ਪੁਲਿਸ ਕਰਮੀ ਗੰਭੀਰ ਜਖ਼ਮੀ ਹੋ ਗਏ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਦਰਦਨਾਕ ਹਾਦਸੇ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ 15 ਦੇ ਕਰੀਬ ਪੁਲਿਸ ਮੁਲਾਜ਼ਮ ਜ਼ਖਮੀ ਹਨ। ਮਰਨ ਵਾਲਿਆਂ ਵਿੱਚ ਮਹਿਲਾ ਮੁਲਾਜ਼ਮ ਸ਼ਾਲੂ ਰਾਣਾ ਜਿਸ ਦੀ ਉਮਰ 26 ਸਾਲ ਦੱਸੀ ਜਾ ਰਹੀ, ਉਹ ਸੱਤ ਬਟਾਲੀਅਨ ਪੀਏਪੀ ਦੇ ਵਿੱਚ ਤੈਨਾਤ ਸੀ। ਇਸ ਤੋਂ ਇਲਾਵਾ, ਮੁਲਾਜ਼ਮ ਹਰਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ, ਜੋ ਕਿ ਬੱਸ ਨੂੰ ਚਲਾ ਰਿਹਾ ਡਰਾਈਵਰ ਸੀ। ਤਿੰਨਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਮੁਕੇਰੀਆਂ ਵਿੱਚ ਰੱਖੀਆਂ ਗਈਆਂ ਹਨ ਅਤੇ ਪੋਸਟਮਾਰਟਮ ਤੋਂ ਬਾਅਦ ਸਾਰਿਆਂ ਦੀਆਂ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਸਵੇਰੇ ਵਾਪਰਿਆ ਹਾਦਸਾ: ਮੌਕੇ ਉੱਤੇ ਪਠਾਨਕੋਟ ਦੇ ਏਐਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਨੇੜੇ ਹੀ ਹੈ। ਉਹ ਗੁਰਦੁਆਰਾ ਸਾਹਿਬ ਜਾ ਰਹੀ ਸੀ ਕਿ ਉਨ੍ਹਾਂ ਨੂੰ ਕਿਸੇ ਰਿਸ਼ਤੇਦਾਰ ਦਾ ਫੋਨ ਆਇਆ ਕਿ ਪੰਜਾਬ ਪੁਲਿਸ ਦੀ ਬੱਸ ਦਾ ਐਕਸੀਡੈਂਟ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਦੋ ਆ ਕੇ ਦੇਖਿਆ ਤਾਂ, ਬੱਸ ਬੁਰੀ ਤਰੀਕੇ ਨਾਲ ਟਰਾਲੇ ਵਿੱਲ ਫਸੀ ਹੋਈ ਹੈ। ਹੋਰ ਲੋਕਾਂ ਦੀ ਮਦਦ ਨਾਲ ਜਲਦ ਜਖ਼ਮੀਆਂ ਨੂੰ ਬਾਹਰ ਕੱਢਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇੱਕ ਮਹਿਲਾ ਪੁਲਿਸ ਕਰਮੀ ਸਣੇ 3 ਪੁਲਿਸ ਕਰਮੀਆਂ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਬੱਸ ਜਲੰਧਰ ਪੀਏਪੀ ਤੋਂ ਗੁਰਦਾਸਪੁਰ ਡਿਊਟੀ ਉੱਤੇ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਏਐਸਆਈ ਵੀ ਸ਼ਾਮਲ ਹੈ ਜਿਸ ਦੀ ਮੌਕੇ ਉੱਤੇ ਹੀ ਮੌਤ ਹੋ ਚੁੱਕੀ ਸੀ। ਬਾਕੀ ਹੋਰ ਜਖ਼ਮੀ ਮੁਲਾਜ਼ਮਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕਈਆਂ ਦੇ ਬਹੁਤ ਜ਼ਿਆਦਾ ਸੱਟ ਵਜੀ ਹੈ।
ਸੀਐਮ ਮਾਨ ਨੇ ਦਿੱਤੀ ਸ਼ਰਧਾਂਜਲੀ: ਪੰਜਾਬ ਪੁਲਿਸ ਅੱਜ 461 ਨਵੇਂ ਮੁਲਾਜ਼ਮਾਂ ਨੂੰ ਚੰਡੀਗੜ੍ਹ ਵਿਖੇ ਨਿਯੁਕਤੀ ਪੱਤਰ ਸੌਂਪਣ ਰਹੇ ਹਨ। ਇਸ ਵਿਚਾਲੇ ਉਨ੍ਹਾਂ ਨੂੰ ਪੰਜਾਬ ਪੁਲਿਸ ਬੱਸ ਨਾਲ ਵਾਪਰੇ ਹਾਦਸੇ ਦੀ ਖ਼ਬਰ ਮਿਲੀ। ਚੱਲਦੇ ਪ੍ਰੋਗਰਾਮ ਵਿੱਚ ਸੀਐਮ ਮਾਨ ਨੇ 2 ਮਿੰਟ ਮੌਨ ਰੱਖ ਕੇ ਮ੍ਰਿਤਕ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਜਲਦ ਹੀ ਸੜਕ ਹਾਦਸਿਆਂ ਵਿੱਚ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਲਦ ਐਸਐਸਐਫ ਟੀਮਾਂ ਨੂੰ ਤੈਨਾਤ ਕੀਤਾ ਜਾਵੇਗਾ।
ਜਲੰਧਰ ਤੋਂ ਗੁਰਦਾਸਪੁਰ ਡਿਊਟੀ ਲਈ ਜਾ ਰਹੇ ਸੀ ਮੁਲਾਜ਼ਮ: ਬੱਸ ਵਿੱਚ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਸਵੇਰੇ ਕਰੀਬ 6:10 ਉੱਤੇ ਇਹ ਹਾਦਸਾ ਵਾਪਰਿਆ ਹੈ। ਅਸੀ ਡਿਊਟੀ ਲਈ ਜਲੰਧਰ ਤੋਂ ਗੁਰਦਾਪੁਰ ਤੋਂ ਜਾ ਰਹੇ ਸੀ। ਏਐਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਸਮੇਂ ਬੱਸ ਵਿੱਚ ਕਈ ਸੌਂ ਰਹੇ ਸੀ, ਅਚਾਨਕ ਹੀ ਰੌਲਾ ਪਿਆ ਕਿ ਬੱਸ ਗ਼ਲਤ ਸਾਈਡ ਗਈ ਹੈ, ਫਿਰ ਪਤਾ ਲੱਗਾ ਕਿ ਬੱਸ ਟਰਾਲੇ ਵਿੱਚ ਵਜੀ ਹੈ। ਉਨ੍ਹਾਂ ਦੱਸਿਆ ਕਿ ਕਰੀਬ 10 ਪੁਲਿਸ ਕਰਮੀ ਹੋਰ ਜਖਮੀ ਹਨ, ਜਦਕਿ 3 ਮੌਤਾਂ ਹੋਈਆਂ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਹੁਸ਼ਿਆਰਪੁਰ ਨੇੜੇ ਸੜਕ ਹਾਦਸੇ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨੂੰ ਦੋ-ਦੋ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ।
ਐਸਐਸਪੀ ਲਾਂਬਾ ਵੀ ਮੌਕੇ ਉੱਤੇ ਪਹੁੰਚੇ: ਐਸਐਸਪੀ ਸੁਰਿੰਦਰ ਲਾਂਬਾ ਵੀ ਐਕਸੀਡੈਂਟ ਵਾਲੀ ਜਗ੍ਹਾ ਪਹੁੰਚੇ ਅਤੇ ਨਾਲ ਹੀ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਬੱਸ ਵਿੱਚ ਬੈਠੇ ਜੋ ਜਖ਼ਮੀ ਮੁਲਾਜ਼ਮ ਹਸਪਤਾਲ ਭਰਤੀ ਹਨ, ਉਨ੍ਹਾਂ ਨਾਲ ਗੱਲ ਹੋਈ ਹੈ। ਲਾਂਬਾ ਨੇ ਦੱਸਿਆ ਕਿ ਕਰੀਬ 13 ਤੋਂ 15 ਪੁਲਿਸ ਮੁਲਾਜ਼ਮ ਜਖ਼ਮੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੱਸ ਦੇ ਅੱਗੇ ਕੋਈ ਜਾਨਵਰ ਆ ਗਿਆ ਸੀ ਜਿਸ ਨੂੰ ਬਚਾਉਂਦੇ ਹੋਏ ਇਹ ਦਰਦਨਾਕ ਹਾਦਸਾ ਹੋਇਆ। ਹੁਣ ਤੱਕ ਚਾਰ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ ਅਤੇ ਜਿਹੜੇ ਪੰਜ ਜਖਮੀ ਜਿਆਦਾ ਸਨ, ਉਨ੍ਹਾਂ ਨੂੰ ਅੰਮ੍ਰਿਤਸਰ ਤੇ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਲਾਜ ਕਰਵਾ ਰਹੇ ਹਾਂ, ਬਾਕੀ ਹਾਦਸਾ ਕਿਵੇਂ ਹੋਇਆ ਇਹ ਜਾਂਚ ਦਾ ਵਿਸ਼ਾ ਹੈ।