ਗੜਸ਼ੰਕਰ: ਆਪਣੇ ਪ੍ਰੇਮੀ ਤੋਂ ਆਪਣੀ ਧੀ ਨਾਲ ਜ਼ਬਰ-ਜਨਾਹ ਕਰਵਾਉਣ ਵਾਲੀ ਮਾਂ ਅਤੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਐੱਸ.ਐੱਚ.ਓ. ਇਕਬਾਲ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਨਵਾਂਸ਼ਹਿਰ ਅਧੀਨ ਆਉਂਦੇ ਪਿੰਡ ਦੀ ਇੱਕ ਕੁੜੀ ਨੇ ਪੁਲਿਸ ਨੂੰ ਬਿਆਨ ਦਿੱਤੇ ਸੀ ਕਿ ਉਸ ਦੀ ਮਾਂ ਦੇ ਅਮਰਜੀਤ ਸਿੰਘ ਵਾਸੀ ਠਠਿਆਲਾ (ਬਲਾਚੌਰ) ਨਾਲ ਪ੍ਰੇਮ ਸਬੰਧ ਸਨ ਤੇ ਉਸ ਦੀ ਮਾਤਾ ਝੂਠ ਬੋਲ ਕੇ ਅਮਰਜੀਤ ਸਿੰਘ ਨੂੰ ਮਿਲਦੀ ਰਹਿੰਦੀ ਸੀ।
ਕੁੜੀ ਨੇ ਦੱਸਿਆ ਕਿ 26 ਮਾਰਚ 2019 ਦੀ ਰਾਤ ਨੂੰ ਮਾਂ ਨੇ ਉਸ ਨੂੰ ਰੋਟੀ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਨੀਂਦ ਆਉਣ ਲੱਗੀ ਤੇ ਸਵੇਰੇ ਉਸ ਨੂੰ ਪਤਾ ਲੱਗਾ ਕਿ ਅਮਰਜੀਤ ਸਿੰਘ ਵੱਲੋਂ ਉਸ ਨਾਲ ਗਲਤ ਕੰਮ ਕੀਤਾ ਗਿਆ। ਕੁੜੀ ਨੇ ਦੱਸਿਆ ਕਿ ਬਾਅਦ ਵਿੱਚ ਮਾਂ ਉਸ ਨੂੰ ਗੜ੍ਹਸ਼ੰਕਰ ਲੈ ਕੇ ਆਈ ਤੇ ਉੱਥੇ ਉਸ ਨੂੰ ਰੋਟੀ ਵਿੱਚ ਨੀਂਦ ਦੀਆਂ ਗੋਲੀਆਂ ਦੇਣ ਤੋਂ ਬਾਅਦ ਅਮਰਜੀਤ ਸਿੰਘ ਵੱਲੋਂ ਇੱਥੇ ਵੀ ਗਲਤ ਕੰਮ ਕੀਤਾ ਗਿਆ।
ਜਿਸ ਤੋਂ ਬਾਅਦ ਉਸ ਨੇ ਆਪਣੇ ਭਰਾਂ ਨਾਲ ਮਿਲ ਕੇ ਨਵਾਂਸ਼ਹਿਰ ਵਿਖੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਥਾਣਾ ਸਿਟੀ ਨਵਾਂਸ਼ਹਿਰ ਵੱਲੋਂ ਵਕੂਆ ਗੜ੍ਹਸ਼ੰਕਰ ਦਾ ਹੋਣ ਕਰਕੇ ਜ਼ੀਰੋ ਐੱਫ.ਆਈ.ਆਰ. ਕੱਟ ਕੇ ਮਾਮਲਾ ਥਾਣਾ ਗੜ੍ਹਸ਼ੰਕਰ ਪੁਲਿਸ ਹਵਾਲੇ ਕੀਤਾ ਗਿਆ।
ਐੱਸ.ਐੱਚ.ਓ. ਇਕਬਾਲ ਸਿੰਘ ਨੇ ਦੱਸਿਆ ਕਿ ਗੜ੍ਹਸ਼ੰਕਰ ਪੁਲਿਸ ਸਟੇਸ਼ਨ ਮੁੱਕਦਮਾ ਦਰਜ਼ ਕਰਕੇ ਮਾਮਲੇ 'ਚ ਨਾਮਜ਼ਦ ਅਮਰਜੀਤ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਠਠਿਆਲਾ ਅਤੇ ਰੀਨਾ ਪਤਨੀ ਰਾਮ ਪਾਲ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।