ਹੁਸ਼ਿਆਰਪੁਰ: ਪੰਜਾਬ ਦੇ ਹਾਲਾਤਾਂ ਨੂੰ ਦਰਸਾਉਂਦੀ ਇਹ ਖ਼ਬਰ ਦਸੂਹਾ ਰੋਡ ਉੱਤੇ ਪੈਂਦੇ ਪਿੰਡ ਘਾਸੀਪਰ ਤੋਂ ਹੈ ਜਿੱਥੇ ਕਿ ਘਾਸੀਪੁਰ ਵਿੱਚ ਮੌਜੂਦ ਵਿਸ਼ਾਲ ਪੈਟਰੋਲ ਪੰਪ ਉੱਤੇ ਬੀਤੀ ਦੇਰ ਰਾਤ ਮੋਟਰਸਾਈਕਲ ਸਵਾਰ 4 ਨਕਾਬਪੋਸ਼ ਲੁਟੇਰਿਆਂ ਵਲੋਂ ਪੰਪ ਦੇ ਕਰਿੰਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਲੁਟੇਰਿਆਂ ਵੱਲੋਂ ਦਾਗੀਆਂ ਗਈਆਂ 2 ਗੋਲੀਆਂ ਪੰਪ ਦੇ ਕਰਿੰਦੇ ਨੂੰ ਜਾ ਵੱਜੀਆਂ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਪੰਪ ਦੇ ਕਰਿੰਦੇ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੋਂ ਕਿ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਜਲੰਧਰ ਲਈ ਰੈਫਰ ਕਰ ਦਿੱਤਾ ਗਿਆ।
ਪੈਟਰੋਲ ਪੰਪ ਦੇ ਕਰਿੰਦੇ ਨੂੰ ਵੱਜੀਆਂ ਗੋ ਗੋਲ਼ੀਆਂ: ਜ਼ਖਮੀ ਨੌਜਵਾਨ ਦੀ ਪਹਿਚਾਣ ਸੁਨੀਲ ਠਾਕੁਰ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਐਸਐਚਓ ਨਰਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਪੈਟਰੋਲ ਪੰਪ ਉੱਤੇ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਉੱਤੇ ਪਹੁੰਚੇ ਅਤੇ ਜ਼ਖਮੀ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਿੱਥੋਂ ਕਿ ਉਸ ਦੀ ਹਾਲਤ ਨੂੰ ਦੇਖਦਿਆਂ ਜਲੰਧਰ ਲਈਂ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੰਪ ਕਰਮੀਆਂ ਦੇ ਦੱਸਣ ਮੁਤਾਬਿਕ ਦੇਰ ਰਾਤ ਕਰੀਬ 10 ਵਜੇ 2 ਮੋਟਰਸਾਈਕਲਾਂ ਉੱਤੇ 4 ਹਮਲਾਵਰ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋੲੇ ਸਨ ਅਤੇ ਆਉਂਦੇ ਸਾਰ ਹੀ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ 2 ਗੋਲੀਆਂ ਸੁਨੀਲ ਠਾਕੁਰ ਦੇ ਜਾ ਲੱਗੀਆਂ।
ਫਰਾਰ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਦਾ ਗਠਨ: ਪੁਲਿਸ ਦਾ ਕਹਿਣਾ ਹੈ ਕਿ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੌਕੇ ਤੋਂ ਫਰਾਰ ਹੋ ਗਏ। ਇਹ ਹੁਣ ਤੱਕ ਸਾਫ ਨਹੀਂ ਹੋ ਸਕਿਆ ਕਿ ਲੁਟੇਰਿਆਂ ਨੇ ਪੈਟਰੋਲ ਪੰਪ ਤੋਂ ਕੋਈ ਨਕਦੀ ਲੁੱਟੀ ਹੈ ਜਾਂ ਨਹੀਂ। ਪੁਲਿਸ ਨੇ ਕਿਹਾ ਕਿ ਫਰਾਰ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਜੰਗੀ ਪੱਧਰ ਉੱਤੇ ਛਾਪੇਮਾਰੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਲਈ ਪੈਟਰੋਲ ਪੰਪ ਦੇ ਸੀਸੀਟੀਵੀ ਕੈਮਰਿਆਂ ਤੋ ਇਲਾਵਾ ਇਲਕੇ ਦੇ ਹੋਰ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਿਆ ਜਾਵੇਗਾ। ਪੁਲਿਸ ਨੇ ਇਲਾਕੇ ਵਾਸੀਆਂ ਨੂੰ ਇਸ ਮਾਮਲੇ ਤੋਂ ਬਾਅਦ ਨਾ ਘਬਰਾਉਣ ਦੀ ਵੀ ਅਪੀਲ ਕੀਤੀ।