ਹੁਸ਼ਿਆਰਪੁਰ: ਹਰਿਗੋਬਿੰਦ ਨਗਰ ਵਾਸੀਆਂ ਵੱਲੋਂ ਮੁਹੱਲੇ ਦੇ ਅਧੂਰੇ ਕੰਮਾਂ ਨੂੰ ਪੂਰਾ ਨਾ ਕਰਨ ਦੇ ਰੋਸ ਵਜੋਂ ਹੁਸ਼ਿਆਰਪੁਰ ਦਸੂਹਾ ਰੋਡ ਜਾਮ ਕੀਤਾ ਗਿਆ। ਸਿੱਖ, ਮੁਸਲਿਮ, ਦਲਿਤ, ਈਸਾਈ ਸਾਂਝਾ ਫਰੰਟ ਦੇ ਸਹਿਯੋਗ ਨਾਲ ਐਕਸ਼ਨ ਕਮੇਟੀ ਦੀ ਅਗਵਾਈ ਚ ਸਥਾਨਕ ਲੋਕਾਂ ਨੇ ਨਗਰ ਨਿਗਮ ਖਿਲਾਫ਼ ਰੋਸ ਪ੍ਰਦਰਸ਼ਨ ( protest) ਕੀਤਾ ਗਿਆ।
ਪੌਣੇ ਤਿੰਨ ਘੰਟੇ ਤੱਕ ਚੱਲੇ ਜਾਮ ਦੌਰਾਨ ਭਾਰੀ ਗਿਣਤੀ ਵਿੱਚ ਇਕੱਠੇ ਮੁਹੱਲੇ ਦੀਆਂ ਔਰਤਾਂ, ਨੌਜਵਾਨਾਂ ਨੇ ਕਿਹਾ ਕਿ ਅੰਮ੍ਰਿਤ ਸਕੀਮ ਤਹਿਤ ਸੌ ਫੀਸਦੀ ਸੀਵਰੇਜ, ਵਾਟਰ ਸਪਲਾਈ ਅਤੇ ਪੱਕੀਆਂ ਸੜਕਾਂ ਨਾਲ ਲੈਸ ਸਮਾਰਟ ਸਿਟੀ ਬਣਾਉਣ ਦਾ ਦਾਅਵਾ ਕਰਨ ਵਾਲੀ ਸੂਬਾ ਕਾਂਗਰਸ ਸਰਕਾਰ ਨੇ ਵਾਰਡ ਨੰਬਰ 50 ਦੇ ਹਰਿਗੋਬਿੰਦ ਨਗਰ ਵਾਸੀਆਂ ਨਾਲ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਧੋਖਾ ਹੁਸ਼ਿਆਰਪੁਰ ਦੇ ਵਿਧਾਇਕ ਸੁੰਦਰ ਸ਼ਾਮ ਅਰੋੜਾ ਦੇ ਕਹਿਣ ‘ਤੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤੀਜ਼ਾ ਨੰਬਰ ਅੰਮ੍ਰਿਤ ਸਕੀਮ ਦੇ ਪ੍ਰੋਜੈਕਟ ਵਿੱਚ ਹੋਣ ਦੇ ਬਾਵਜੂਦ ਵੀ ਵਾਟਰ ਸਪਲਾਈ ਅਤੇ ਸੜਕਾਂ ਦਾ ਵਿਕਾਸ ਨਹੀਂ ਕੀਤਾ ਗਿਆ ਕਿਉਂਕਿ ਵਿਧਾਇਕ ਦੇ ਵਿਰੋਧੀ ਦੀ ਇਹ ਕਲੋਨੀ ਹੈ। ਨਾਲ ਹੀ ਦੱਸਿਆ ਕਿ ਉਨ੍ਹਾਂ ਕਲੋਨੀਆਂ ਵਿੱਚ ਕੰਮ ਕੀਤਾ ਗਿਆ ਜਿਹੜੀਆਂ ਮੌਜੂਦਾ ਵਿਧਾਇਕ ਅਤੇ ਉਸ ਵੇਲੇ ਦੇ ਮੰਤਰੀ ਅਰੋੜਾ ਦੀਆਂ ਸਨ।
ਮੁਹੱਲਾ ਵਾਸੀ ਤੇ ਐਕਸ਼ਨ ਕਮੇਟੀ ਵੱਲੋਂ ਮਾਣਯੋਗ ਮੁੱਖ ਮੰਤਰੀ ਚੰਨੀ ਤੋਂ ਇਸ ਖ਼ਰਚ ਕੀਤੇ ਬਜਟ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਾਣੀ ਹਰੇਕ ਨਾਗਰਿਕ ਤੱਕ ਪਹੁੰਚੇ ਉਸਦਾ ਬੁਨਿਆਦੀ ਅਧਿਕਾਰ ਹੈ। ਇਸ ਮੌਕੇ ਸਿਵਲ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਗੁਰਪ੍ਰੀਤ ਸਿੰਘ ਅਤੇ ਪੁਲਿਸ ਵਲੋਂ ਡੀ ਐਸ ਪੀ ਸਤਿੰਦਰ ਚੱਢਾ ਨੇ ਧਰਨਾਕਾਰੀਆ ਦੀ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਾਉਣ ਉਪਰੰਤ ਸਹਿਮਤੀ ਬਣਾਉਂਦਿਆਂ ਕਿਹਾ ਕਿ 6 ਤਰੀਕ ਨੂੰ ਵਾਟਰ ਸਪਲਾਈ ਚਾਲੂ ਕਰਨ ਲਈ ਕੰਮ ਸ਼ੁਰੂ ਕੀਤਾ ਜਾਵੇਗਾ ਅਤੇ 8 ਤਰੀਕ ਸੋਮਵਾਰ ਨੂੰ ਨਗਰ ਨਿਗਮ ਦਫ਼ਤਰ ਵਿਖੇ 11:30 ਵਜੇ ਸਵੇਰੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸੜਕਾਂ ਕਿੰਨੇ ਦਿਨਾਂ ਵਿੱਚ ਬਣਾਈਆਂ ਜਾਣਗੀਆਂ ਦਾ ਹੱਲ ਕੱਢਿਆ ਜਾਵੇਗਾ ਦਾ ਭਰੋਸਾ ਦੁਆ ਕੇ ਧਰਨਾ ਸਮਾਪਤ ਕਰਾਇਆ ਗਿਆ।
ਇਹ ਵੀ ਪੜ੍ਹੋ: ਰਿਫਾਇਨਰੀ ਹਾਦਸਾ: ਗੁੱਸੇ ’ਚ ਆਏ ਮਜ਼ਦੂਰਾਂ ਨੇ ਸਾੜੀਆਂ ਗੱਡੀਆਂ