ਹੁਸ਼ਿਆਰਪੁਰ: ਟਾਂਡਾ ਵਿਖੇ ਪਿੰਡ ਖੁਣ ਖੁਣ ਕਲਾਂ ਦੇ ਇਕਬਾਲ ਸਿੰਘ ਨੇ ਸਾਊਥ ਕੋਰੀਆ ਵਿੱਚ ਹੋਈ ਰੋਇੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਆਪਣੇ ਪਿੰਡ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਤੰਗੇਮ ਲੇਕ ਇੰਟਰਨੈਸ਼ਨਲ ਰੋਇੰਗ ਰਿਗਾਟਾ ਚੁੰਗਜੂ ਸਾਊਥ ਕੋਰੀਆ ਵਿਖੇ 23 ਅਕਤੂਬਰ ਤੋਂ 29 ਅਕਤੂਬਰ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ (ਕਿਸ਼ਤੀ ਚਲਾਉਣਾ) ਕਰਵਾਈ ਗਈ। ਇਸ ਵਿੱਚ ਭਾਰਤੀ ਟੀਮ ਦਾ ਹਿੱਸਾ ਬਣ ਕੇ ਇਕਬਾਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਚੈਂਪੀਅਨਸ਼ਿਪ ਵਿੱਚ ਉਜਬੇਕਿਸਤਾਨ ਨੇ ਪਹਿਲਾ ਸਥਾਨ ਹਾਸਿਲ ਕੀਤਾ। ਜਪਾਨ ਨੇ ਦੂਜਾ ਅਤੇ ਭਾਰਤ 3 ਸਥਾਨ 'ਤੇ ਰਿਹਾ। ਇਕਬਾਲ ਦੀ ਇਸ ਉਪਲੱਬਧੀ 'ਤੇ ਇਕਬਾਲ ਦੇ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਮਾਣ ਮਹਿਸੂਸ ਕਰ ਰਹੇ ਹਨ। ਇਕਬਾਲ ਦੀ ਮਾਂ ਨੇ ਗੱਲ ਕਰਦੇ ਹੋਏ ਦੱਸਿਆ ਕਿ ਇਕਬਾਲ ਨੂੰ ਸ਼ੁਰੂ ਤੋਂ ਖੇਡਾਂ ਨਾਲ ਜ਼ਿਆਦਾ ਨੇੜਤਾ ਰਹੀ ਹੈ। ਇਕਬਾਲ 2016 ਵਿੱਚ ਫੌਜ ਵਿੱਚ ਭਰਤੀ ਹੋ ਗਿਆ। ਉਸ ਤੋਂ ਬਾਅਦ ਵੀ ਉਸ ਨੇ ਆਪਣਾ ਅਭਿਆਸ ਜਾਰੀ ਰੱਖਿਆ, ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ।
ਉੱਥੇ ਹੀ, ਇਕਬਾਲ ਦੇ ਭਰਾ ਨੇ ਦੱਸਿਆ ਕਿ ਇਕਬਾਲ ਨੂੰ ਪਰਿਵਾਰਕ ਮੈਂਬਰਾਂ ਵਲੋਂ ਪੂਰਾ ਸਾਥ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਵੀ ਖਿਡਾਰੀ ਰਹਿ ਚੁੱਕੇ ਸਨ, ਉਨ੍ਹਾਂ ਨੇ ਵੀ ਇਕਬਾਲ ਦਾ ਪੂਰਾ ਸਾਥ ਦਿੱਤਾ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਥਾਈਲੈਂਡ ਦੇ 3 ਦਿਨਾਂ ਦੌਰੇ ਲਈ ਰਵਾਨਾ
ਪਰਿਵਾਰ ਨੂੰ ਵਿਸ਼ਵਾਸ਼ ਹੈ ਕਿ ਇਕਬਾਲ ਦੀ ਮਿਹਨਤ ਤੇ ਖੇਡ ਦੇ ਸ਼ੌਕ ਨਾਲ, ਉਹ ਉਲੰਪਿਕ ਵਿੱਚ ਸਫ਼ਲਤਾਂ ਦੀਆਂ ਬੁੰਲਦੀਆਂ ਛੂਹਣ ਵਿੱਚ ਕਾਮਯਾਬ ਹੋ ਜਾਵੇਗਾ। ਪੂਰੇ ਪਿੰਡ ਵਾਸੀਆਂ ਨੂੰ ਹੁਣ ਉਡੀਕ ਹੈ ਕਿ ਉਹ ਉਨ੍ਹਾਂ ਨੂੰ ਮਿਲਣ ਜਲਦ ਹੀ ਵਾਪਸ ਪਰਤੇ, ਤਾਂ ਜੋ ਉਸ ਦਾ ਜ਼ੋਰਾਂ ਸ਼ੋਰਾਂ ਨਾਲ ਸਵਾਗਤ ਕੀਤਾ ਜਾਵੇ।