ਹੁਸ਼ਿਆਰਪੁਰ: ਟਾਂਡਾ ਵਿੱਚ ਮਾਸੂਮ ਬੱਚੀ ਨਾਲ ਜ਼ਬਰ-ਜਿਨਾਹ ਅਤੇ ਜਿੰਦਾ ਸਾੜੇ ਜਾਣ ਦੀ ਘਟਨਾ ਦੀ ਸ਼ੁੱਕਰਵਾਰ ਸੀਸੀਟੀਵੀ ਸਾਹਮਣੇ ਆਈ ਹੈ। ਉਧਰ, ਸ਼ੁੱਕਰਵਾਰ ਨੂੰ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲਿਆਂਦਾ, ਜਿਸ ਦੌਰਾਨ ਰੋਸ ਵਿੱਚ ਆਏ ਲੋਕਾਂ ਵੱਲੋਂ ਮੁਲਜ਼ਮਾਂ 'ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ।
ਪੁਲਿਸ ਦੋਵਾਂ ਮੁਲਜ਼ਮਾਂ ਦਾਦੇ ਤੇ ਪੋਤੇ ਨੂੰ ਦੁਪਹਿਰ ਬਾਅਦ ਮੈਡੀਕਲ ਜਾਂਚ ਲਈ ਲੈ ਕੇ ਆਈ, ਜਿਸ ਦੌਰਾਨ ਦਲਿਤ ਭਾਈਚਾਰੇ ਨੂੰ ਪਤਾ ਲੱਗਣ 'ਤੇ ਸਿਵਲ ਹਸਪਤਾਲ ਵਿੱਚ ਵੜ ਕੇ ਭੀੜ ਨੇ ਮੁਲਜ਼ਮਾਂ 'ਤੇ ਹਮਲੇ ਦੀ ਕੋਸ਼ਿਸ਼ ਕੀਤੀ। ਲੋਕਾਂ ਵਿੱਚ ਰੋਸ ਕਾਰਨ ਪੁਲਿਸ ਨੂੰ ਵੀ ਮੁਲਜ਼ਮਾਂ ਨੂੰ ਲਿਜਾਉਣ ਵਿੱਚ ਮੁਸ਼ਕਿਲ ਆਈ।ਹਾਲਾਂਕਿ ਪੁਲਿਸ ਦੋਵਾਂ ਮੁਲਜ਼ਮਾਂ ਨੂੰ ਭਾਰੀ ਮੁਸ਼ੱਕਤ ਨਾਲ ਜਾਂਚ ਕਰਵਾਉਣ ਉਪਰੰਤ ਸਹੀ ਸਲਾਮਤ ਥਾਣੇ ਲੈ ਗਈ।
ਇਸਤੋਂ ਪਹਿਲਾਂ ਮਾਮਲੇ ਵਿੱਚ ਸਾਹਮਣੇ ਆਈ ਸੀਸੀਟੀਵੀ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਵੀਡੀਓ ਵਿੱਚ ਮੁਲਜ਼ਮ ਵਿਅਕਤੀ ਬੱਚੀ ਨੂੰ ਲਿਜਾਂਦੇ ਹੋਏ ਨਜ਼ਰ ਆ ਰਿਹਾ ਹੈ। ਫੁਟੇਜ ਤੋਂ ਸਾਫ਼ ਵਿਖਾਈ ਦੇ ਰਿਹਾ ਹੈ ਕਿ ਬਾਲੜੀ ਨਾਲ ਜਬਰ-ਜ਼ਿਨਾਹ ਉਪਰੰਤ ਉਸ ਨੂੰ ਸਾੜ ਕੇ ਮਾਰਨ ਤੋਂ ਪਹਿਲਾਂ ਮੁਲਜ਼ਮ ਨੌਜਵਾਨ ਸੁਰਪ੍ਰੀਤ ਸਿੰਘ ਦੁਪਹਿਰ 3 ਵਜੇ ਦੇ ਕਰੀਬ ਬੱਚੀ ਨੂੰ ਨਾਲ ਲੈ ਕੇ ਜਾ ਰਿਹਾ ਹੈ। ਬੱਚੀ ਦੀ ਮਾਂ ਨੇ ਵੀ ਇਹੋ ਬਿਆਨ ਦਿੱਤੇ ਸਨ ਕਿ ਮੁਲਜ਼ਮ ਬੱਚੀ ਨੂੰ ਬਿਸਕੁੱਟ ਦੇਣ ਦਾ ਲਾਲਚ ਦੇ ਕੇ ਕਿਸੇ ਸੁੰਨਸਾਨ ਥਾਂ 'ਤੇ ਲੈ ਗਿਆ ਸੀ, ਜਿੱਥੇ ਉਸ ਨੇ ਉਕਤ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਟਾਂਡਾ ਦੇ ਪਿੰਡ ਜਲਾਲਪੁਰ 'ਚ 6 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਉਪਰੰਤ ਜਿੰਦਾ ਸਾੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਪੁਲਿਸ ਨੇ ਮੁਲਜ਼ਮ ਦਾਦੇ ਅਤੇ ਪੋਤੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।