ਹੁਸ਼ਿਆਰਪੁਰ: ਰੋਜ਼ੀ ਰੋਟੀ ਕਮਾਉਣ ਕਾਰਨ ਲੋਕ ਅਕਸਰ ਹੀ ਵਿਦੇਸ਼ ਜਾਂਦੇ ਹਨ। ਪਰ ਹੁਣ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ 'ਚ ਸਾਰੇ ਵਪਾਰ ਅਤੇ ਕਾਰੋਬਾਰ ਠੱਪ ਗਏ ਗਏ ਹਨ। ਸਿਰਫ ਭਾਰਤ ਹੀ ਨਹੀਂ ਬਲਕਿ ਕਈ ਦੂਜੇ ਦੇਸ਼ਾਂ 'ਚ ਵੀ ਵਪਾਰ ਅਤੇ ਕੰਮ ਬੰਦ ਹੋ ਗਏ ਹਨ, ਜਿਸ ਕਾਰਨ ਕਮਾਈ ਲਈ ਵਿਦੇਸ਼ਾਂ 'ਚ ਗਏ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਭੂੰਗਾ ਦੇ ਰਹਿਣ ਵਾਲਾ ਨੌਜਵਾਨ ਮਨੋਜ ਕੁਮਾਰ ਵੀ ਆਪਣੇ ਘਰ ਦਾ ਸਹਾਰਾ ਬਣਨ ਅਤੇ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ। ਪਰ ਲੌਕਡਾਉਨ 'ਚ ਕੰਮ ਬੰਦ ਹੋ ਜਾਣ ਕਾਰਨ ਉਹ ਉੱਥੇ ਬੇਰੁਜ਼ਗਾਰ ਹੈ ਜਿਸ ਕਾਰਨ ਜਿੰਦਗੀ ਜਿਓਣੀ ਮੁਸ਼ਕਲ ਹੋ ਰਹੀ ਹੈ। ਮਨੋਜ ਨੇ ਵੀਡੀਓ ਬਣਾ ਆਪਣੀ ਪੂਰੀ ਹੱਡਬੀਤੀ ਦੱਸੀ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਜਦੋਂ ਇਸ ਸਾਰੇ ਮਾਮਲੇ ਸਬੰਧੀ ਪਿੰਡ ਰਹਿੰਦੇ ਮਨੋਜ ਦੇ ਮਾਪਿਆਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੀ ਅੱਖਾਂ 'ਚ ਅੱਥਰੂ ਆ ਗਏ। ਮਨੋਜ ਦੇ ਪਿਤਾ ਦਿਹਾੜੀ ਕਰਦੇ ਹਨ ਅਤੇ ਘਰ ਚਲਾਉਣ ਲਈ ਮਨੋਜ ਨੂੰ ਸੱਤ ਮਹੀਨੇ ਪਹਿਲਾਂ ਦੁਬਈ ਭੇਜਿਆ ਸੀ। ਮਨੋਜ ਦੇ ਮਾਪਿਆਂ ਨੇ ਸੂਬਾ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਅਤੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਲਿਆਂਦਾ ਜਾਵੇ।
ਜ਼ਿਕਰ-ਏ-ਖ਼ਾਸ ਹੈ ਕਿ ਲੋਕ ਮਜਬੂਰੀ ਦੇ ਚਲਦਿਆਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਤਾਂ ਦਿੰਦੇ ਹਨ ਪਰ ਉਨ੍ਹਾਂ ਦੀਆਂ ਅੱਖਾਂ ਆਪਣੇ ਬੱਚਿਆਂ ਨੂੰ ਵੇਖਣ ਲਈ ਤਰਸਦੀਆਂ ਰਹਿੰਦੀਆਂ ਹਨ। ਇਸ ਲਈ ਸਰਕਾਰ ਨੂੰ ਵੀ ਲੋੜ ਹੈ ਕਿ ਉਹ ਆਪਣੇ ਭਾਰਤ ਅਤੇ ਸੂਬੇ 'ਚ ਹੀ ਰੁਜ਼ਗਾਰ ਪੈਦਾ ਕਰੇ ਤਾਂ ਜੋ ਨੌਜਵਾਨ ਵਿਦੇਸ਼ਾਂ 'ਚ ਜਾਣ ਨੂੰ ਮਜਬੂਰ ਨਾ ਹੋਣ।