ਹੁਸ਼ਿਆਰਪੁਰ: ਹੁਸ਼ਿਆਰਪੁਰ ਪੁਲਿਸ ਨੇ ਜ਼ਿਲ੍ਹੇ ਵਿੱਚ ਪੈਟਰੋਲ ਪੰਪ ਲੁੱਟਣ ਅਤੇ ਫਿਰੌਤੀ ਮੰਗਣ ਵਾਲੇ ਲੁਟੇਰਾ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਿਕ ਗਿਰੋਹ ਦੇ ਮੈਂਬਰਾਂ ਤੋਂ ਹਥਿਆਰ ਅਤੇ ਇਕ ਕਾਰ ਵੀ ਬਰਾਮਦ ਕੀਤੀ ਹੈ। ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ।
ਵਿਦੇਸ਼ ਵਿੱਚ ਬੈਠਾ ਹੈ ਇਸ ਗੈਂਗ ਦਾ ਸਾਜਿਸ਼ਘਾੜਾ: ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਚੱਬੇਵਾਲ ਨਿਵਾਸੀ ਬਲਵਿੰਦਰ ਸਿੰਘ ਇਸ ਵੇਲੇ ਅਮਰੀਕਾ ਵਿੱਚ ਹੈ ਅਤੇ ਇਹ ਮੁਲਜ਼ਮ ਪੁਲਿਸ ਨੂੰ ਕਰੀਬ 18 ਵੱਖ-ਵੱਖ ਮੁਕਦਮਿਆਂ ਵਿੱਚ ਲੋੜੀਂਦਾ ਹੈ। ਇਹ ਮੁਲਜ਼ਮ ਆਪਣੇ ਸਾਥੀਆਂ ਰਾਹੀਂ ਫਿਰੌਤੀ ਮੰਗਣ ਦਾ ਧੰਦਾ ਕਰਦਾ ਹੈ। ਇਸਨੇ 7 ਜੁਲਾਈ ਨੂੰ ਆਪਣੇ ਸਾਥੀਆਂ ਨਾਲ ਮਿਲਕੇ ਕਸਬਾ ਚੱਬੇਵਾਲ ਵਿੱਚ ਸਥਿਤ ਇੱਕ ਦੁਕਾਨ ਉੱਤੇ ਫਿਰੌਤੀ ਲਈ ਫਾਈਰਿੰਗ ਕਰਵਾਈ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ। ਪੁਲਿਸ ਨੇ ਕਾਰਵਾਈ ਕਰਦਿਆਂ ਇਸ ਮਾਮਲੇ ਦੇ ਤਿੰਨ ਮੁਲਜ਼ਮ ਵੀ ਕਾਬੂ ਕਰ ਲਏ।
ਕਈ ਹੋਰ ਥਾਵਾਂ ਉੱਤੇ ਵੀ ਕੀਤੀਆਂ ਵਾਰਦਾਤਾਂ: ਇਸ ਤੋਂ ਬਾਅਦ ਬਲਵਿੰਦਰ ਸਿੰਘ ਨੂੰ ਜਦੋਂ ਫਿਰੌਤੀ ਦੀ ਰਕਮ ਨਹੀਂ ਮਿਲੀ ਤਾਂ ਉਸਨੇ ਆਪਣੇ ਸਾਥੀਆਂ ਰਾਹੀਂ ਇਕ ਘਰ ਦੇ ਬਾਹਰ ਡਰਾਉਣ ਲਈ ਮੁੜ ਤੋਂ ਗੋਲੀਆਂ ਚਲਾਈਆਂ ਸਨ। ਇਸੇ ਗੈਂਗ ਦੇ ਮੈਂਬਰਾਂ ਨੇ 3 ਜੁਲਾਈ ਨੂੰ ਕਸਬਾ ਹਰਿਆਣਾ ਦੇ ਘਾਸੀਪੁਰ ਦੇ ਪੈਟਰੋਲ ਪੰਪ ਦੇ ਕਰਿੰਦੇ ਉੱਤੇ ਵੀ ਗੋਲੀ ਚਲਾ ਕੇ ਲੁੱਟ ਕਰਨ ਦੀ ਨੀਅਤ ਨਾਲ ਹਮਲਾ ਕੀਤਾ ਸੀ।
ਮਾਹਿਲਪੁਰ ਵਿੱਚ ਕੀਤੀ ਸੀ ਲੁੱਟਖੋਹ: 1 ਜੁਲਾਈ ਨੂੰ ਮਾਹਿਲਪੁਰ ਵਿੱਚ ਸਥਿਤ ਪੈਟਰੋਲ ਪੰਪ ਉੱਤੇ ਗੋਲੀਆਂ ਚਲਾ ਕੇ ਲੁੱਟ ਖੋਹ ਦੀ ਵਾਰਦਾਤ ਕੀਤੀ ਸੀ। ਇਸ ਮਾਮਲੇ ਤੋਂ ਬਾਅਦ ਪੁਲਿਸ ਨੇ ਅਣ-ਪਛਾਤੇ ਦੋਸ਼ੀਆਂ ਖਿਲਾਫ ਉਪਰੋਕਤ ਵਾਰਦਾਤਾਂ ਕਰਨ ਉੱਤੇ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਅਤੇ ਥਾਣਾ ਮਾਹਿਲਪੁਰ ਵਿੱਚ ਵੱਖ ਵੱਖ ਮਾਮਲੇ ਦਰਜ ਕੀਤੇ ਸਨ। ਪੁਲਿਸ ਨੇ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਕਾਰਵਾਈ ਕਰਦਿਆਂ ਲੁੱਟ ਖੋਹ ਕਰਨ ਵਾਲਿਆਂ ਨੂੰ ਕਾਬੂ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ।