ਹੁਸ਼ਿਆਰਪੁਰ: ਸ਼ਹਿਰ ਵਿੱਚ ਅਪਰਾਧ ਦੀਆਂ ਵਾਰਦਤਾਂ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਸ਼ਹਿਰ ਦੇ ਪੌਸ਼ ਖੇਤਰ ਮੁਹੱਲਾ ਬਸੰਤ ਵਿਹਾਰ ਵਿੱਚੋਂ ਸਾਹਮਣੇ ਆਇਆ ਹੈ। ਇੱਥੇ ਇੱਕ ਮਹਿਲਾ ਦੇ ਗਲੇ 'ਚੋਂ ਦੋ ਮੋਟਰ ਸਾਇਕਲ ਸਵਾਰ ਨੌਜਵਾਨ ਸੋਨੇ ਚੇਨ ਝਪਟ ਕੇ ਲੈ ਗਏ। ਇਹ ਘਟਨਾ ਡਿਪਟੀ ਕਮਿਸ਼ਨਰ ਦੀ ਕੋਠੀ ਤੋਂ ਮਹਿਜ਼ 200 ਮੀਟਰ ਦੀ ਵਿੱਥ 'ਤੇ ਵਾਪਰੀ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ।
ਪੀੜਤ ਮਹਿਲਾ ਰਾਜ ਰਾਨੀ ਨੇ ਦੱਸਿਆ ਕਿ ਉਹ ਨਿੱਜੀ ਕੰਮ ਤੋਂ ਵਾਪਸ ਆਪਣੇ ਘਰ ਆਈ ਸੀ। ਜਿਵੇਂ ਹੀ ਉਸ ਨੇ ਘਰ ਦੇ ਬਾਹਰ ਆਪਣੀ ਸਕੂਟਰੀ ਰੋਕੀ ਤਾਂ ਦੋ ਮੋਟਰ ਸਾਇਕਲ ਸਵਾਰ ਨੌਜਵਾਨ ਉਸ ਕੋਲ ਆ ਕੇ ਰੁਕੇ। ਜਿਨ੍ਹਾਂ ਨੇ ਉਸ ਤੋਂ ਕਿਸੇ ਘਰ ਦਾ ਪਤਾ ਪੁੱਛਿਆ, ਜਦੋਂ ਰਾਜ ਰਾਨੀ ਪਤਾ ਦੱਸਣ ਲਈ ਅੱਗੇ ਵਧੀ ਤਾਂ ਇਹ ਨੌਜਾਵਨਾਂ ਨੇ ਉਸ ਦੇ ਗਲੇ 'ਚ ਪਾਈ ਹੋਈ ਸੋਨੇ ਦੀ ਚੇਨ ਝਪਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਇਸ ਚੇਨ ਦਾ ਵਜਣ 2 ਤੋਲੇ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਥਾਣਾ ਸ਼ਹਿਰੀ ਦੇ ਮੁਖੀ ਗੋਬਿੰਦਰ ਕੁਮਾਰ ਮੌਕੇ 'ਤੇ ਪਹੁੰਚ ਗਏ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਅਰੰਭ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤ ਮਹਿਲਾ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਮੌਕ-ਏ-ਵਾਰਦਾਤ ਦੇ ਆਸ-ਪਾਸ ਦੇ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਇਸੇ ਇਲਾਕੇ ਵਿੱਚ ਕੁੱਝ ਦਿਨ ਪਹਿਲਾਂ ਲੁਟੇਰਿਆਂ ਨੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ। ਹਾਲੇ ਤੱਕ ਪੁਲਿਸ ਨੇ ਇਹ ਮਾਮਲਾ ਨਹੀਂ ਸੁਲਝਾਇਆ ਸੀ ਕਿ ਇਹ ਵਾਰਦਾਤ ਵਾਪਰ ਗਈ ਹੈ। ਇਨ੍ਹਾਂ ਵਾਰਦਾਤਾਂ ਦੇ ਲਗਾਤਾਰ ਵਾਪਰਨ ਤੋਂ ਇੰਝ ਲੱਗਦਾ ਹੈ ਕਿ ਲੁਟੇਰਿਆਂ ਅਤੇ ਅਪਰਾਧੀਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਰਿਹਾ।