ਹੁਸ਼ਿਆਰਪੁਰ: ਚੀਨ ਦੇ ਹਾਂਗਜੂ ਸ਼ਹਿਰ ਦੇ ਵਿੱਚ ਚੱਲ ਰਹੀ 19ਵੀਂ ਏਸ਼ੀਆਈ ਖੇਡਾਂ ਵਿੱਚ ਹਲਕਾ ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਦੀ ਹੋਣਹਾਰ ਮੁਟਿਆਰ ਹਰਮਿਲਨ ਬੈਂਸ ਨੇ ਏਸ਼ੀਅਨ ਖੇਡਾਂ ਵਿੱਚ 800 ਮੀਟਰ ਦੌੜ ਵਿੱਚ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਅੱਜ 1500 ਮੀਟਰ ਦੌੜ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਦੂਸਰਾ ਸਥਾਨ ਹਾਸਲ ਕੀਤਾ ਹੈ। ਕਸਬਾ ਮਾਹਿਲਪੁਰ ਦੀ ਰਹਿਣ ਵਾਲੀ ਹਰਮਿਲਨ ਬੈਂਸ ਨੇ ਚੀਨ ਚ ਹੋਈਆਂ ਏਸ਼ੀਆਂ ਖੇਡਾਂ ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸਿਲਵਰ ਮੈਡਲ ਜਿੱਤ ਕੇ ਹੁਸ਼ਿਆਰਪੁਰ ਦਾ ਨਾਮ ਭਾਰਤ ਅਤੇ ਦੁਨੀਆ 'ਚ ਰੌਸ਼ਨ ਕੀਤਾ ਹੈ। ਹਰਮਿਲਨ ਦੀ ਇਸ ਉਪਲਬਧੀ 'ਤੇ ਜਿੱਥੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉਥੇ ਹੀ ਦੇਸ਼ ਭਰ ਦੇ ਲੋਕਾਂ ਨੂੰ ਵੀ ਹਰਮਿਲਨ ਦੀ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਹੋ ਰਿਹਾ ਹੈ। (Asian Games) (Athlete Harmilan Bains)
ਮਾਂ ਦਾ 20 ਸਾਲ ਪੁਰਾਣਾ ਰਿਕਾਰਡ ਤੋੜਿਆ: ਖਿਡਾਰਣ ਹਰਮਿਲਨ ਨੇ ਆਪਣੀ ਮਾਂ ਦਾ 20 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ। ਹਰਿਮਲਨ ਦੀ ਮਾਂ ਮਾਧੁਰੀ ਏ ਸਿੰਘ ਨੇ 2002 ਦੀਆਂ ਏਸ਼ੀਆਈ ਖੇਡਾਂ ਵਿਚ ਚਾਂਦੀ ਦਾ ਮੈਡਲ ਹਾਸਲ ਕੀਤਾ ਸੀ। ਉਧਰ ਹਰਿਮਲਨ ਦੀ ਇਸ ਇਤਿਹਾਸਕ ਉਪਲਬਧੀ ਨਾਲ ਪੂਰੇ ਦੇਸ਼ ਵਿਚ ਇਸ ਦੀ ਚਰਚਾ ਹੈ। ਇਸ ਜਿੱਤ ਦਾ ਪਤਾ ਲੱਗਦੇ ਹੀ ਸਾਰਾ ਸ਼ਹਿਰ ਸੜਕਾਂ ’ਤੇ ਆ ਗਿਆ। ਲੋਕਾਂ ਨੇ ਲੱਡੂ ਵੰਡੇ ਅਤੇ ਹਰਿਮਲਨ ਦੇ ਮਾਤਾ-ਪਿਤਾ ਨੂੰ ਵਧਾਈਆਂ ਦਿੱਤੀਆਂ।
ਈਟੀਵੀ ਭਾਰਤ ਨਾਲ ਫੋਨ 'ਤੇ ਕੀਤੀ ਗੱਲ: ਇਸ ਮੌਕੇ ਜਦੋਂ ਫੋਨ 'ਤੇ ਹਰਮਿਲਨ ਬੈਂਸ ਨਾਲ ਗੱਲਬਾਤ ਕੀਤੀ ਤਾਂ ਹਰਮਿਲਨ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਅੱਜ ਉਹ ਜਿਸ ਮੁਕਾਮ 'ਤੇ ਪਹੁੰਚੀ ਹੈ ਉਸ ਨੂੰ ਇਕ ਸੁਫਨਾ ਜਿਹਾ ਲੱਗ ਰਿਹਾ ਹੈ ਤੇ ਭਵਿੱਖ ਲਈ ਉਹ ਓਲੰਪਿਕਸ 'ਚ ਜਾਣ ਲਈ ਹੋਰ ਵੀ ਸਖ਼ਤ ਮਿਹਨਤ ਕਰੇਗੀ ਤੇ ਸੋਨੇ ਦਾ ਤਗਮਾ ਜਿੱਤ ਕੇ ਦੇਸ਼ ਦੀ ਝੋਲੀ 'ਚ ਪਾਏਗੀ। ਇਸ ਦੇ ਨਾਲ ਹੀ ਖਿਡਾਰਣ ਦਾ ਕਹਿਣਾ ਸੀ ਕਿ ਸਰਕਾਰ ਨੂੰ ਪੰਜਾਬ 'ਚ ਉਪਰਾਲੇ ਕਰਨੇ ਚਾਹੀਦੇ ਹਨ, ਕਿਉਂਕਿ ਪਿੰਡਾਂ 'ਚ ਕਈ ਅਜਿਹੇ ਖਿਡਾਰੀ ਹਨ, ਜੋ ਸਹੂਲਤ ਨਾ ਹੋਣ ਕਾਰਨ ਅੱਗੇ ਨਹੀਂ ਆ ਪਾਉਂਦੇ।
ਵਧਾਈ ਦੇਣ ਵਾਲਿਆਂ ਦਾ ਲੱਗਿਆ ਤਾਂਤਾ: ਇਸ ਮੌਕੇ ਪੂਰੇ ਮਾਹਿਲਪੁਰ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਹਰਿਮਲਨ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਅੰਤਰਰਾਸਟਰੀ ਐਥਲੀਟ ਅਮਨਦੀਪ ਸਿੰਘ ਬੈਂਸ ਅਤੇ ਅਰਜੁਨਾ ਅਵਾਰਡੀ ਅਥਲੀਟ ਮਾਧੁਰੀ ਏ ਸਿੰਘ ਦੀ ਪੁੱਤਰੀ ਦੀ ਇਸ ਉਪਲਬਧੀ ’ਤੇ ਧਾਰਿਕ, ਰਾਜਨੀਤਿਕ, ਖ਼ੇਡ ਕਲੱਬਾਂ ਅਤੇ ਹੋਰ ਜਥੇਬੰਦੀਆਂ ਨੇ ਵਧਾਈ ਦਿੱਤੀ ਹੈ। ਜਦੋਂ ਮੀਡੀਆ ਵਲੋਂ ਹਰਮਿਲਨ ਬੈਂਸ ਦੇ ਪਿਤਾ ਅਮਨਦੀਪ ਬੈਂਸ ਅਤੇ ਭਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹਰਮਿਲਨ ਦੀ ਇਸ ਪ੍ਰਾਪਤੀ ਪਿੱਛੇ ਉਸਦਾ ਕਈ ਸਾਲਾਂ ਦਾ ਸੰਘਰਸ਼ ਹੈ ਤੇ ਹਰਮਿਲਨ ਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਕਈ ਦਿੱਕਤਾਂ ਦਾ ਵੀ ਸਾਹਮਣੇ ਕਰਨਾ ਪਿਆ ਹੈ।
ਖੇਡਾਂ ਵੱਲ ਧਿਆਨ ਦੇਵੇ ਸਰਕਾਰ: ਪਿਤਾ ਨੇ ਦੱਸਿਆ ਕਿ ਹੁਸ਼ਿਆਰਪੁਰ 'ਚ ਜਾਂ ਪੰਜਾਬ 'ਚ 1500 ਮੀਟਰ ਦਾ ਕੋਈ ਵੀ ਟਰੈਕ ਨਾ ਹੋਣ ਕਾਰਨ ਹਰਮਿਲਨ ਨੂੰ ਹਿਮਾਚਲ 'ਚ ਜਾ ਕੇ ਆਪਣੀ ਖੇਡ ਦਾ ਅਭਿਆਸ ਕਰਨਾ ਪਿਆ ਸੀ ਤੇ ਉਨ੍ਹਾਂ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਹੁਸ਼ਿਆਰਪੁਰ 'ਚ ਵੀ ਇਸ ਤਰ੍ਹਾਂ ਦੇ ਟਰੈਕ ਸਥਾਪਿਤ ਕੀਤੇ ਜਾਣ ਤਾਂ ਜੋ ਨੌਜਵਾਨਾਂ ਨੂੰ ਜਾਂ ਹੋਰਨਾਂ ਖਿਡਾਰੀਆਂ ਨੂੰ ਬਾਹਰ ਨਾ ਜਾਣਾ ਪਏ। ਹਰਮਿਲਨ ਦੇ ਪਿਤਾ ਨੇ ਦੱਸਿਆ ਕਿ ਜਦੋਂ ਹਰਮਿਲਨ ਆਪਣੇ ਘਰ ਪਹੁੰਚੇਗੀ ਤਾਂ ਉਸਦਾ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਮਾਹਿਲਪੁਰ ਤੋਂ ਲੈ ਕੇ ਹੁਸ਼ਿਆਰਪੁਰ ਤੱਕ ਰੋਡ ਸ਼ੋਅ ਕੱਢਿਆ ਜਾਵੇਗਾ।
- ICC World Cup 2023 BAN Vs AFG : ਬੰਗਲਾਦੇਸ਼ ਨੇ ਅਫ਼ਗਾਨਿਸਤਾਨ ਨੂੰ 6 ਵਿਕਟਾਂ ਨਾਲ ਦਿੱਤੀ ਮਾਤ, ਮਿਰਾਜ ਦਾ ਰਿਹਾ ਆਲਰਾਊਂਡਰ ਪ੍ਰਦਰਸ਼ਨ
- Asian Games 2023 Day 14th : ਏਸ਼ੀਆਈ ਖੇਡਾਂ ਵਿੱਚ ਕ੍ਰਿਕੇਟ ਅਤੇ ਬੈਡਮਿੰਟਨ 'ਚ ਭਾਰਤ ਨੂੰ ਮਿਲਿਆ ਗੋਲਡ, ਕੁਸ਼ਤੀ 'ਚ ਸਿਲਵਰ ਮੈਡਲ
- Asian Games: ਏਸ਼ੀਆਈ ਖੇਡਾਂ 'ਚ ਭਾਰਤੀ ਹਾਕੀ ਟੀਮ ਦੀ ਬੱਲੇ-ਬੱਲੇ, ਖਿਡਾਰੀ ਸ਼ਮਸ਼ੇਰ ਦੇ ਪਰਿਵਾਰ ਨੇ ਲੱਡੂ ਵੰਡ ਮਨਾਈ ਖੁਸ਼ੀ
ਦੋ ਮੁਕਾਬਲਿਆਂ 'ਚ ਜਿੱਤੇ ਚਾਂਦੀ ਦੇ ਮੈਡਲ: ਜ਼ਿਕਰਯੋਗ ਹੈ ਕਿ ਚੀਨ ਦੇ ਹਾਂਗਜ਼ੂ ਸ਼ਹਿਰ 'ਚ ਹੋ ਰਹੀਆਂ ਏਸ਼ੀਅਨ ਖੇਡਾਂ 'ਚ ਭਾਰਤ ਦੀ ਐਥਲੀਟ ਹਰਮਿਲਨ ਬੈਂਸ ਨੇ 800 ਮੀਟਰ ਤੇ 1500 ਮੀਟਰ ਦੌੜ 'ਚ ਚਾਂਦੀ ਦੇ ਤਮਗੇ ਜਿੱਤੇ ਸਨ। 800 ਮੀਟਰ ਦੌੜ 'ਚ ਸ਼ੁਰੂਆਤ 'ਚ ਪਿੱਛੜਨ ਤੋਂ ਬਾਅਦ ਉਸ ਨੇ ਰਫਤਾਰ ਫੜਦੇ ਹੋਏ ਚੀਨ ਦੀ ਖਿਡਾਰਨ ਵਾਂਗ ਚਿਨਯੂ ਨੂੰ ਪਛਾੜ ਕੇ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ ਸੀ। ਬੈਂਸ ਨੇ ਇਹ ਦੌੜ 2:03:75 ਮਿੰਟ 'ਚ ਪੂਰੀ ਕੀਤੀ ਸੀ, ਜਦਕਿ 1500 ਮੀਟਰ ਦੇ ਮੁਕਾਬਲੇ 'ਚ ਉਸ ਨੇ 4:12:72 ਮਿੰਟ ਦਾ ਸਮਾਂ ਲਿਆ ਸੀ।