ਹੁਸ਼ਿਆਰਪੁਰ : ਗੜ੍ਹਸ਼ੰਕਰ ਕਸਬੇ ਵਿੱਚ ਪਿੱਛਲੇ ਲੰਬੇ ਸਮੇਂ ਤੋਂ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਵਾਧਾ ਹੋ ਰਿਹਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸ਼ਹਿਰ ਦੇ ਵਿੱਚ ਚੋਰਾਂ ਵਲੋਂ ਵੱਖ-ਵੱਖ 2 ਦੁਕਾਨਾਂ ਉਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਗਿਆ। ਇਸ ਸਬੰਧ ਵਿੱਚ ਥਾਣਾ ਗੜ੍ਹਸ਼ੰਕਰ ਦੇ ਐਸਆਈ ਰਾਕੇਸ਼ ਕੁਮਾਰ ਨੇ ਮੌਕੇ ਉਤੇ ਪਹੁੰਚ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਾਹੀ ਗਾਰਮੈਂਟ ਦਾ ਸ਼ਟਰ ਤੋੜਕੇ ਲੱਖਾਂ ਰੁਪਏ ਦੇ ਕੱਪੜੇ ਕੀਤੇ ਚੋਰੀ : ਜਾਣਕਾਰੀ ਅਨੁਸਾਰ ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ ਰੇਲਵੇ ਸਟੇਸ਼ਨ ਨਜ਼ਦੀਕ ਸ਼ਾਹੀ ਗਾਰਮੈਂਟ ਦੇ ਸ਼ਟਰ ਤੋੜਕੇ ਲੱਖਾਂ ਰੁਪਏ ਦੇ ਕਪੜੇ ਚੋਰੀ ਕਰ ਲਏ ਗਏ। ਦੁਕਾਨ ਦੇ ਮਾਲਕ ਗੁਰਰਾਜ ਸਿੰਘ ਪੁੱਤਰ ਕਲਿਆਣ ਸਿੰਘ ਪਿੰਡ ਸਲਿਮਪੁਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਸਵੇਰ ਨੂੰ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਉਨ੍ਹਾਂ ਦੀ ਦੁਕਾਨ ਵਿਚੋਂ ਸਾਢੇ ਪੰਜ ਲੱਖ ਰੁਪਏ ਦਾ ਸਾਮਾਨ ਚੋਰੀ ਹੋ ਚੁੱਕਾ ਹੈ।
ਅਨੰਦਪੁਰ ਸਾਹਿਬ ਰੋਡ ਉਤੇ ਵੀ ਚੋਰੀ : ਉਧਰ ਦੂਜੇ ਪਾਸੇ ਅਨੰਦਪੁਰ ਸਾਹਿਬ ਰੋਡ ਉਤੇ ਸਿਵਲ ਹਸਪਤਾਲ ਦੇ ਨਜ਼ਦੀਕ ਸਪੋਰਟਸ ਗੈਲਰੀ ਉਤੇ ਵੀ ਚੋਰੀ ਦੀ ਵਾਰਦਾਤ ਹੋਈ। ਦੁਕਾਨ ਦੇ ਮਾਲਿਕ ਦਿਵਆਂਸ਼ ਰਾਣਾ ਪੁੱਤਰ ਜਤਿੰਦਰ ਸਿੰਘ ਵਾਰਡ 6 ਗੜ੍ਹਸ਼ੰਕਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਸਵੇਰੇ ਦੁਕਾਨ ਖੋਲ੍ਹਣ ਲੱਗਿਆਂ ਆ ਕੇ ਦੇਖਿਆ ਤਾਂ ਉਨ੍ਹਾਂ ਦੀ ਦੁਕਾਨ ਦੇ ਵਿੱਚੋਂ ਕਰੀਬ 2 ਲੱਖ ਰੁਪਏ ਗਾਰਮੈਂਟ ਦਾ ਸਾਮਾਨ ਦੀ ਚੋਰੀ ਹੋ ਚੁੱਕਾ ਸੀ।
ਗੜ੍ਹਸ਼ੰਕਰ ਸ਼ਹਿਰ ਵਿੱਚ ਹੋ ਰਹੀ ਹਰ ਰੋਜ਼ ਚੋਰੀਆਂ ਦੇ ਕਾਰਨ ਲੋਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣ ਗਿਆ ਹੈ। ਇਸ ਮੌਕੇ ਦੁਕਾਨਦਾਰਾਂ ਨੇ ਥਾਣਾ ਗੜ੍ਹਸ਼ੰਕਰ ਪੁਲਿਸ ਨੂੰ ਚੋਰਾਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਤਾਕਿ ਚੋਰੀ ਦੀਆਂ ਘਟਨਾਵਾਂ ਰੁੱਕ ਸਕਨ ਅਤੇ ਲੋਕ ਸੁੱਖ ਦਾ ਸਾਹ ਲੈਣ। ਇਸ ਸਬੰਧ ਦੇ ਵਿੱਚ ਥਾਣਾ ਗੜ੍ਹਸ਼ੰਕਰ ਦੇ ਐਸ ਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਦੁਕਾਨਦਾਰਾਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।