ਹੁਸ਼ਿਆਰਪੁਰ: ਪੰਜਾਬ ਦੇ ਨੌਜਵਾਨ ਖੇਡਾਂ 'ਚ ਮੱਲਾਂ ਮਾਰ ਰਹੇ ਹਨ। ਜਿਥੇ ਉਨ੍ਹਾਂ ਵਲੋਂ ਦੇਸ਼ 'ਚ ਨਾਮਣਾ ਖੱਟਿਆ ਜਾ ਰਿਹਾ ਹੈ ਤਾਂ ਉਥੇ ਹੀ ਵਿਦੇਸ਼ਾਂ 'ਚ ਵੀ ਵੱਡੇ ਮੁਕਾਮ ਹਾਸਲ ਕੀਤੇ ਜਾ ਰਹੇ ਹਨ। ਗੜ੍ਹਸ਼ੰਕਰ ਦੇ ਕਸਬਾ ਸੈਲਾ ਖੁਰਦ ਦੇ 24 ਸਾਲਾਂ ਨੌਜਵਾਨ ਧੀਰਜ ਬੇਦੀ ਨੇ ਥਾਈਲੈਂਡ ਦੇ ਸ਼ਹਿਰ ਪਤਾਇਆ ਵਿੱਖੇ ਵਰਲਡ ਰਾਅ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ 3 ਗੋਲਡ ਮੈਡਲ ਹਾਸਿਲ ਕਰਨ ਦੇ ਨਾਲ ਇਲਾਕੇ ਦਾ ਨਾਂ ਦੇਸ਼ ਵਿਦੇਸ਼ ਵਿੱਚ ਰੋਸ਼ਨ ਕੀਤਾ ਹੈ। ਜਿਸਦੇ ਕਾਰਨ ਇਲਾਕੇ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਚਾਰ ਸਾਲਾਂ 'ਚ ਨੌਜਵਾਨ ਨੇ ਜਿੱਤੇ ਕਈ ਇਨਾਮ: ਇਸ ਸਬੰਧੀ ਜਾਣਕਾਰੀ ਦਿੰਦਿਆਂ ਧੀਰਜ ਬੇਦੀ ਪੁੱਤਰ ਨੀਰਜ ਕੁਮਾਰ ਬੇਦੀ ਪਿੰਡ ਸੈਲਾ ਖ਼ੁਰਦ ਨੇ ਦੱਸਿਆ ਕਿ ਉਨ੍ਹਾਂ ਪਿੱਛਲੇ ਚਾਰ ਸਾਲ ਪਹਿਲਾਂ ਸ਼ਹਿਰ ਮਾਹਿਲਪੁਰ ਦੇ ਵਿੱਚ ਆਲ ਇੰਡੀਆ ਡੈਡ ਲਿਫ਼ਟ ਚੈਂਪੀਅਨਸ਼ਿਪ ਦੇ ਵਿੱਚ ਹਿਸਾ ਲੈਕੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਲਗਾਤਾਰ 4 ਸਾਲਾਂ ਤੋਂ ਦੇਸ਼ ਵਿਦੇਸ਼ ਦੇ ਵਿੱਚ ਜਾਕੇ ਗੋਲਡ ਅਤੇ ਸਿਲਵਰ ਮੈਡਲ ਹਾਸਿਲ ਕੀਤੇ ਜਾ ਚੁੱਕੇ ਹਨ। ਧੀਰਜ ਬੇਦੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੇ ਕੁੱਝ ਦਿਨ ਪਹਿਲਾਂ ਥਾਈਲੈਂਡ ਦੇ ਸ਼ਹਿਰ ਪਤਾਇਆ ਵਿੱਚ ਵਰਲਡ ਰਾਅ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ 197 ਕਿਲੋ ਸਕੁੱਟ (Squat), 142 ਕਿੱਲੋ ਬੈਂਚ ਪ੍ਰੈਸ, 240 ਕਿਲੋ ਦੀ ਡੈਡਲਿਫ਼ਟ ਲਗਾਕੇ 3 ਗੋਲਡ ਮੈਡਲ ਜਿੱਤੇ ਹਨ ਅਤੇ ਸਟਰਾਂਗਮੈਨ ਦਾ ਖਿਤਾਬ ਆਪਣੇ ਨਾਮ ਕੀਤਾ। ਧੀਰਜ ਬੇਦੀ ਨੇ ਦੱਸਿਆ ਕਿ ਮਾਰਚ 2024 ਵਿੱਚ ਹੋਣ ਵਾਲੀ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਜਰਮਨ ਦੇ ਵਿੱਚ ਉਨ੍ਹਾਂ ਦੀ ਸਿਲੈਕਸ਼ਨ ਹੋਈ ਹੈ।
ਪਰਿਵਾਰ ਨੂੰ ਪੁੱਤ ਦੀ ਪ੍ਰਾਪਤੀ 'ਤੇ ਮਾਣ: ਇਸ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਧੀਰਜ ਬੇਦੀ ਵਲੋਂ ਗੋਲਡ ਮੈਡਲ ਜਿੱਤਣ 'ਤੇ ਇਲਾਕੇ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਧੀਰਜ ਬੇਦੀ ਬਚਪਨ ਤੋਂ ਬਹੁਤ ਮਿਹਨਤੀ ਸੀ ਅਤੇ ਅੱਜ ਉਸਦੀ ਮਿਹਨਤ ਰੰਗ ਲਿਆ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਧੀਰਜ ਨੇ ਗੋਲਡ ਮੈਡਲ ਜਿੱਤ ਕੇ ਸਾਡਾ ਨਾਮ ਰੌਸ਼ਨ ਕੀਤਾ ਹੈ।