ਹੁਸ਼ਿਆਰਪੁਰ: ਦਸੂਹਾ ਦੇ ਪਿੰਡ ਮੁਹੱਦੀਪੁਰ ਦੇ ਰਹਿਣ ਵਾਲੇ ਪਿਤਾ ਅਤੇ ਪੁੱਤਰ ਵੱਲੋਂ ਕਰਜ਼ੇ ਤੋਂ ਦੁਖੀ ਹੋ ਕੇ ਅਤੇ ਕਿਰਸਾਨੀ ਸੰਘਰਸ਼ ਦੇ ਚਲਦਿਆਂ ਖ਼ੁਦਕੁਸ਼ੀ ਕਰ ਲਈ ਗਈ, ਜਿਨ੍ਹਾਂ ਦੀ ਪਛਾਣ ਜਗਤਾਰ ਸਿੰਘ ਪੁੱਤਰ ਗੁਰਦਿਆਲ ਸਿੰਘ ਪਿੰਡ ਮੁਹੱਦੀਪੁਰ ਅਤੇ ਕਿਰਪਾਲ ਸਿੰਘ ਪੁੱਤਰ ਜਗਤਾਰ ਸਿੰਘ ਵਜੋਂ ਹੋਈ ਹੈ। ਇਸ ਦੌਰਾਨ ਦੋਵਾਂ ਵੱਲੋਂ ਇੱਕ ਖੁਦਕੁਸ਼ੀ ਪੱਤਰ ਵੀ ਲਿਖਿਆ ਗਿਆ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਕਾਂਗਰਸ ਸਰਕਾਰ ਨੇ ਸਾਰੇ ਜ਼ਿਮੀਂਦਾਰਾਂ ਦਾ ਕਰਜ਼ਾ ਮੁਆਫ਼ ਕਰਨ ਦੀ ਗੱਲ ਆਖੀ ਸੀ, ਪਰ ਉਨ੍ਹਾਂ ਦਾ ਕਰਜ਼ਾ ਬਿਲਕੁੱਲ ਵੀ ਮੁਆਫ਼ ਨਹੀਂ ਹੋਇਆ।
ਇਸ ਦੇ ਨਾਲ ਹੀ, ਪੱਤਰ ਵਿੱਚ ਖੇਤੀ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਮੋਦੀ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਰਹੀ ਤੇ ਜ਼ਿਮੀਂਦਾਰਾਂ ਵੱਲੋਂ ਸਾਰਾ ਸਿਆਲ ਦਿੱਲੀ ਦੇ ਬਾਰਡਰਾਂ 'ਤੇ ਹੀ ਕੱਢ ਦਿੱਤਾ ਗਿਆ ਪਰ ਬਾਵਜੂਦ ਇਸ ਦੇ ਸਰਕਾਰ ਇਨ੍ਹਾਂ ਬਿੱਲਾਂ ਨੂੰ ਵਾਪਸ ਨਹੀਂ ਲੈ ਰਹੀ ਅਤੇ ਇਨ੍ਹਾਂ ਤੋਂ ਦੁਖੀ ਹੋ ਕੇ ਹੀ ਉਹ ਦੋਵੇਂ ਖ਼ੁਦਕੁਸ਼ੀ ਕਰ ਰਹੇ ਹਨ।
ਦੋਵਾਂ ਦੇ ਸਿਰ ਕਾਫੀ ਕਰਜ਼ਾ ਸੀ, ਜਿਸ ਕਾਰਨ ਉਹ ਦੋਵੇਂ ਬਹੁਤ ਪਰੇਸ਼ਾਨ ਚੱਲ ਰਹੇ ਸਨ।