ਹੁਸ਼ਿਆਰਪੁਰ: 'ਮਿਸ਼ਨ ਤੰਦਰੁਸਤ ਪੰਜਾਬ' ਅਧੀਨ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ 'ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦਾ ਸਤਿਕਾਰ' ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਹੈ। ਹਰ ਬੁੱਧਵਾਰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਡਿਪਟੀ ਕਮਿਸ਼ਨਰ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆਂ ਜਾਵੇਗਾ। ਇਸੇ ਲੜੀ ਤਹਿਤ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਜ਼ਿਲ੍ਹਾਂ ਪ੍ਰਬੰਧਕੀ ਕੰਪਲੈਕਸ 'ਚ ਸਮੱਸਿਆਵਾਂ ਨੂੰ ਸੁਣਿਆਂ ਅਤੇ ਉਸ ਨੂੰ ਮੌਕੇ 'ਤੇ ਹੀ ਵੀ ਹੱਲ ਕੀਤਾ।
ਇਸ ਵਿਸ਼ੇ 'ਤੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਆਸ਼ਰਿਤ ਸਰਟੀਫਿਕੇਟ ਬਣਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਟਿਊਬਵੈਲ ਦੇ ਕੁਨੈਕਸ਼ਨ ਸਬੰਧੀ ਸਮੱਸਿਆ ਸਾਹਮਣੇ ਆਉਣ 'ਤੇ ਸਬੰਧਤ ਵਿਭਾਗ ਨੂੰ ਜਲਦੀ ਤੋਂ ਜਲਦੀ ਟਿਊਬਵੈਲ ਦਾ ਕੁਨੈਕਸ਼ਨ ਮੁਹੱਈਆ ਕਰਵਾਉਣ ਦੀ ਵੀ ਹਦਾਇਤ ਦਿੱਤੀ।
ਉਨ੍ਹਾਂ ਨੇ ਆਜ਼ਾਦੀ ਘੁਲਾਟੀਆਂ ਪਰਿਵਾਰਾਂ ਨੂੰ ਮਾਣ ਸਨਮਾਨ ਦੇਣ ਤੋਂ ਇਲਾਵਾ ਪਹਿਲ ਦੇ ਆਧਾਰ 'ਤੇ ਉਨ੍ਹਾਂ ਦੀਆਂ ਸੱਮਸਿਆਵਾਂ ਨੂੰ ਹਲ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਤੇ ਆਜ਼ਾਦੀ ਘੁਲਾਟੀਆਂ ਪਰਿਵਾਰਾਂ ਨੂੰ ਸਿਹਤ ਸਹੁਲਤਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਦੀ ਵੀ ਗੱਲ ਕੀਤੀ।
ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਘੁਲਾਟੀਆਂ ਨੇ ਦੇਸ਼ ਲਈ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਉਨ੍ਹਾਂ ਕੁਰਬਾਨੀਆਂ ਨੂੰ ਕਦੇ ਭੁਲਾਈਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਦੀਆਂ ਦੁੱਖ ਤਕਲੀਫਾਂ ਸੁਣਨ ਲਈ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਹੈ। ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ: 4 ਹਫਤਿਆਂ ਦਾ ਡੇਅਰੀ ਉਦਮ ਸਿਖਲਾਈ ਕੋਰਸ 13 ਜਨਵਰੀ 2020 ਨੂੰ ਸ਼ੁਰੂ
ਇਸ 'ਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੇ ਜ਼ਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇੱਕ ਵਧੀਆ ਮਾਹੌਲ ਵਿੱਚ ਆਪਣੀ ਸਮੱਸਿਆ ਦੱਸਣ ਦਾ ਮੌਕਾ ਮਿਲ ਰਿਹਾ ਹੈ।