ਹੁਸ਼ਿਆਰਪੁਰ : ਪੰਜਾਬ ਪੁਲਿਸ ਦੇ ਮੁਲਾਜ਼ਮ ਲਗਾਤਾਰ ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਡਿਊਟੀ ਦੇ ਰਹੇ ਹਨ। ਇਸ ਦੌਰਾਨ ਇਨ੍ਹਾਂ ਮੁਲਾਜ਼ਮਾਂ ਨੂੰ ਸਿਹਤ ਅਤੇ ਕਈ ਪ੍ਰਕਾਰ ਦੀਆਂ ਚਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਇਸ ਤਰ੍ਹਾਂ ਦਾ ਹੀ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ।
ਜਿੱਥੇ ਕੋਰੋਨਾ ਆਈਸੋਲੇਸ਼ਨ ਵਾਰਡ ਵਿੱਚ ਡਿਊਟੀ 'ਤੇ ਤਾਇਨਾਤ ਹੋਮ ਗਾਰਡ ਦੇ ਜਵਾਨ ਕੁਲਵੰਤ ਸਿੰਘ ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੁਲਵੰਤ ਸਿੰਘ ਬਤੌਰ ਹੋਮ ਗਾਰਡ ਥਾਣਾ ਗੜਸ਼ੰਕਰ ਵਿਖੇ ਤਾਇਨਾਤ ਹਨ।
ਇਸ ਸਮੇਂ ਸਿਵਲ ਹਸਪਤਾਲ ਵਿੱਚ ਬਣੇ ਕੋਰੋਨਾ ਆਈਸੋਲੇਸ਼ਨ ਵਾਰਡ ਰਾਤ ਦੀ ਡਿਊਟੀ ਦੇ ਰਿਹਾ ਸੀ। ਡਿਊਟੀ ਦੌਰਾਨ ਹੀ ਮ੍ਰਿਤਕ ਨੇ ਆਪਣੇ ਸਹਿਕਰਮੀ ਨਾਲ ਅਰਾਮ ਕਰਨ ਦੀ ਇੱਛਾ ਜਤਾਈ ਅਤੇ ਅਰਾਮ ਕਰਨ ਲਈ ਬੈਠਣ ਵਾਲੀ ਥੜ੍ਹੀ 'ਤੇ ਲੰਮੇ ਪੈ ਗਿਆ।
ਜਦੋਂ ਉਸ ਦੇ ਸਹਿਕਰਮੀ ਗੁਰਜੰਟ ਸਿੰਘ ਨੇ ਉਸ ਨੂੰ ਥੋੜ੍ਹੇ ਸਮੇਂ ਬਾਅਦ ਜਗਾਇਆ ਤਾਂ ਉਸ ਨੇ ਕੋਈ ਸਰੀਰਕ ਹਰਕਤ ਨਹੀਂ ਕੀਤੀ। ਇਸ 'ਤੇ ਗੁਰਜੰਟ ਸਿੰਘ ਨੇ ਡਿਊਟੀ 'ਤੇ ਮੌਜੂਦ ਡਾਕਟਰ ਨੂੰ ਦੱਸਿਆ ਅਤੇ ਡਾਕਟਰ ਨੇ ਕੁਲਵੰਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।