ਹੁਸ਼ਿਆਰਪੁਰ : ਇਕ ਵਾਰ ਫਿਰ ਚੀਨੀ ਡੋਰ ਕਾਰਨ ਇਕ ਵਿਅਕਤੀ ਮੌਤ ਦੇ ਮੂੰਹ ਵਿਚ ਹੈ। ਦਰਅਸਲ ਹੁਸ਼ਿਆਰਪੁਰ ਦੇ ਪਿੰਡ ਪਿੱਪਲਾਂਵਾਲਾ ਵਿਖੇ ਇਕ ਵਿਅਕਤੀ ਆਪਣੇ ਖੇਤਾਂ ਵਿਚੋਂ ਕੰਮ ਕਰ ਕੇ ਘਰ ਨੂੰ ਵਾਪਸ ਜਾ ਰਿਹਾ ਸੀ ਕਿ ਰਸਤੇ ਵਿਚ ਅਚਾਨਕ ਉਸ ਦੇ ਮੂੰਹ ਉਤੇ ਚਾਈਨਾ ਡੋਰ ਫਿਰ ਗਈ। ਉਕਤ 52 ਸਾਲਾ ਵਿਅਕਤੀ ਚਾਈਨਾ ਡੋਰ ਦੀ ਲਪੇਟ ਚ ਆਉਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਹੈ। ਜ਼ਖਮੀ ਹੋਏ ਵਿਅਕਤੀ ਦੀ ਪਹਿਚਾਣ ਦਲਜੀਤ ਸਿੰਘ ਵਾਸੀ ਪਿੱਪਲਾਂਵਾਲਾ ਵਜੋਂ ਹੋਈ ਹੈ।
ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਵੱਲੋਂ ਜ਼ਖਮੀ ਹਾਲਤ ਵਿਚ ਵਿਅਕਤੀ ਨੂੰ ਤੁਰੰਤ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਵੱਲੋਂ ਵਿਅਕਤੀ ਨੂੰ ਆਈਸੀਯੂ ਵਿਚ ਰੱਖਿਆ ਗਿਆ। ਡਾਕਟਰਾਂ ਵੱਲੋਂ ਆਪ੍ਰੇਸ਼ਨ ਦੌਰਾਨ ਪੀੜਤ ਵਿਅਕਤੀ ਦੇ ਮੂੰਹ ਉਤੇ 35 ਤੋਂ ਵੱਧ ਟਾਂਕੇ ਲੱਗੇ ਹਨ।
ਇਹ ਵੀ ਪੜ੍ਹੋ : ਹੁਣ ਖੂਨੀ ਡੋਰ ਵੇਚਣ ਵਾਲਿਆਂ ਦੀ ਨਹੀਂ ਖੈਰ, ਫਰੀਦਕੋਟ ਦੀਆਂ ਸਮਾਜਸੇਵੀ ਸੰਸਥਾਵਾਂ ਨੇ ਲੈ ਲਿਆ ਵੱਡਾ ਫੈਸਲਾ
ਜਾਣਕਾਰੀ ਦਿੰਦਿਆਂ ਜ਼ਖਮੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਲਜੀਤ ਸਿੰਘ ਪਿੰਡ ਨਸਰਾਲਾ ਵਿਚ ਸਥਿਤ ਆਪਣੇ ਖੇਤਾਂ ਵਿਚ ਕੰਮ ਕਰਨ ਤੋਂ ਬਾਅਦ ਘਰ ਵਾਪਿਸ ਆ ਰਿਹਾ ਸੀ ਤੇ ਜਿਵੇਂ ਹੀ ਪਿੱਪਲਾਂਵਾਲਾ ਅੱਡੇ ਉਤੇ ਪਹੁੰਚਿਆ ਤਾਂ ਪਤੰਗ ਨਾਲ ਆ ਰਹੀ ਚਾਈਨਾ ਡੋਰ ਉਨ੍ਹਾਂ ਦੇ ਮੂੰਹ ਅਤੇ ਨੱਕ ਉਤੇ ਫਿਰ ਗਈ, ਜਿਸ ਕਾਰਨ ਨੱਕ ਦਾ ਕੁਝ ਹਿੱਸਾ ਅਲੱਗ ਹੋ ਗਿਆ ਅਤੇ ਮੂੰਹ ਵੀ ਗੰਭੀਰ ਜ਼ਖਮੀ ਹੋ ਗਿਆ, ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਵਲੋਂ ਕਰੀਬ 2 ਘੰਟੇ ਦਾ ਆਪ੍ਰੇਸ਼ਨ ਕਰਨ ਤੋਂ ਬਾਅਦ ਮੂੰਹ ਅਤੇ ਨੱਕ ਉਤੇ 35 ਟਾਂਕੇ ਲਗਾਏ ਗਏ। ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰ ਪਾਸੋਂ ਉਮੀਦ ਕੀਤੀ ਗਈ ਹੈ ਕਿ ਇਸ ਖੂਨੀ ਡੋਰ ਦੀ ਵਿਕਰੀ ਤੇ ਵਰਤੋਂ ਉਤੇ ਪੂਰਨ ਤੌਰ ਉਤੇ ਪਾਬੰਦੀ ਲਾਉਣੀ ਚਾਹੀਦੀ ਹੈ ਤਾਂ ਜੋ ਕਿਸੇ ਹੋਰ ਨਾਲ ਅਜਿਹਾ ਹਾਦਸਾ ਨਾ ਵਾਪਰੇ।
ਮੌਕੇ ਉਤੇ ਪਹੁੰਚੇ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾ. ਪੀਐਮ ਮਾਨ ਨੇ ਵੀ ਹਸਪਤਾਲ ਪਹੁੰਚ ਜ਼ਖਮੀ ਦਾ ਹਾਲ ਜਾਣਿਆ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਤਲ ਡੋਰ ਦੀ ਵਰਤੋਂ ਨਾ ਕਰਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਸਬੰਧੀ ਕੋਈ ਢੁਕਵਾਂ ਹੱਲ ਕਰਨਾ ਚਾਹੀਦਾ ਹੈ।