ਹੁਸ਼ਿਆਰਪੁਰ: ਜ਼ਮੀਨ ਵੇਚਣ ਵਿੱਚ ਕੀਤੀ ਧੋਖਾਧੜ੍ਹੀ ਦੇ ਇੱਕ ਮਾਮਲੇ ਵਿੱਚ ਮਹਿਲਪੁਰ ਨਗਰ ਪੰਚਾਇਤ ਦੀ ਕਾਂਗਰਸੀ ਪ੍ਰਧਾਨ ਬੀਬੀ ਰਣਜੀਤ ਕੌਤ ਤੇ ਅਬੋਹਰ ਦੇ ਕਾਰੋਬਾਰੀ ਅਤੇ ਅਕਾਲੀ ਆਗੂ ਸ਼ਿਵ ਲਾਲ ਡੋਡਾ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਗੜ੍ਹਸ਼ੰਕਰ ਅਤੇ ਆਸ-ਪਾਸ ਦੇ ਨਜ਼ਦੀਕੀ ਪਿੰਡਾਂ 'ਚ ਇੱਕ ਕੰਪਨੀ ਵੱਲੋਂ ਖ਼ਰੀਦੀ ਜ਼ਮੀਨ ਅੱਗੇ ਇੱਕ ਹੋਰ ਕੰਪਨੀ ਨੂੰ ਵੇਚਣ ਤੋਂ ਬਾਅਦ ਦੂਜੀ ਕੰਪਨੀ ਨੂੰ ਵੇਚ ਕੇ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲਿਆਂ ਵਿਰੁੱਧ ਅਬੋਹਰ ਦੇ ਥਾਣਾ ਸ਼ਹਿਰ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਨੇਚਰ ਹਾਈਟਸ ਕੰਪਨੀ ਦੀ ਮਾਲਕਣ ਆਸ਼ਾ ਰਾਣੀ ਪਤਨੀ ਨੀਰਜ ਅਰੋੜਾ ਨੇ ਜ਼ਿਲ੍ਹਾ ਪੁਲਿਸ ਮੁਖੀ ਫ਼ਾਜ਼ਿਲਕਾ ਕੋਲ ਉਕਤ ਵਿਅਕਤੀਆਂ ਵਿਰੁੱਧ ਠੱਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਤੇ ਪੁਲਿਸ ਵੱਲੋਂ ਜਾਂਚ ਕਰਦਿਆਂ ਹੋਇਆ ਉਕਤ ਵਿਅਕਤੀਆਂ ਵਿਰੁੱਧ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਂਗਰਸ ਦੀ ਬੁਲਾਰਾ ਅਤੇ ਸੀਨੀਅਰ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਕ ਉੱਚ ਅਹੁਦੇ ਬੈਠੀ ਕਾਂਗਰਸ ਪਾਰਟੀ ਦੀ ਮਹਿਲਾ ਆਗੂ 'ਤੇ ਪਰਚਾ ਦਰਜ ਹੋਣਾ ਕਾਂਗਰਸ ਪਾਰਟੀ ਲਈ ਬੜੀ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਾਮਲੇ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਬੀਬੀ ਰਣਜੀਤ ਕੌਰ ਨੂੰ ਨੈਤਿਕਤਾ ਦੇ ਆਧਾਰ 'ਤੇ ਨਗਰ ਪੰਚਾਇਤ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਮਾਮਲੇ ਸਬੰਧੀ ਜਦੋਂ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਰਾਠਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ ਤੇ ਜੇਕਰ ਮਹਿਲਾ ਆਗੂ 'ਤੇ ਇਸ ਤਰ੍ਹਾਂ ਦਾ ਕੋਈ ਪਰਚਾ ਦਰਜ ਹੋਇਆ ਹੈ ਤਾਂ ਉਸ ਨੂੰ ਆਪਣੇ ਆਪ ਹੀ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਜਦੋਂ ਇਸ ਸਾਰੇ ਮਾਮਲੇ ਸਬੰਧੀ ਨਗਰ ਪੰਚਾਇਤ ਪ੍ਰਧਾਨ ਬੀਬੀ ਰਣਜੀਤ ਦਾ ਪੱਖ ਜਾਣਨਾ ਚਾਹਿਆਂ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਰਘੁਵੀਰ ਸਿੰਘ ਅਕਸਰ ਵਿਦੇਸ਼ ਆਉਂਦੇ ਜਾਂਦੇ ਹੋਏ ਉਨ੍ਹਾਂ ਨੂੰ ਆਪਣਾ ਮੁਖਤਿਆਰ-ਏ-ਖ਼ਾਸ ਨਿਯੁਕਤ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਲਈ ਉਨ੍ਹਾਂ ਵੱਲੋਂ ਅਰਜ਼ੀ ਲਗਾਈ ਗਈ ਹੈ ਤੇ ਉਨ੍ਹਾਂ ਨੂੰ ਅਦਾਲਤ ਤੇ ਪੂਰਾ ਭਰੋਸਾ ਹੈ।