ਹੁਸ਼ਿਆਰਪੁਰ: ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਪੰਜਾਬ ਭਰ ਵਿੱਚ ਹਰੇਕ ਜ਼ਿਲ੍ਹੇ ਵਿੱਚ ਬਣਾਈਆਂ ਗਊ ਰੱਖਿਆ ਦੇ ਨਾਂਅ 'ਤੇ ਕਮੇਟੀਆਂ ਸਵਾਲਾਂ ਦੇ ਘੇਰੇ ਵਿੱਚ ਹਨ। ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਨੇ ਸਵਾਲ ਖੜ੍ਹੇ ਕੀਤੇ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬਣਾਈ ਗਈ ਕਮੇਟੀ ਨੇ ਅੱਜ ਤੱਕ ਕੋਈ ਵੀ ਅਜਿਹੀ ਮੀਟਿੰਗ ਨਹੀਂ ਕੀਤੀ, ਜਿਸ ਨਾਲ ਗਊਆਂ ਦੀ ਸਾਂਭ-ਸੰਭਾਲ ਕੀਤੀ ਜਾ ਸਕੇ। ਇੱਥੇ ਧੱਕੇ ਨਾਲ ਕਰੋੜਾਂ ਰੁਪਏ ਗਊ ਸੈੱਸ ਦੇ ਨਾਂਅ 'ਤੇ ਇਕੱਠਾ ਹੁੰਦੇ ਹਨ ਪਰ ਉਨ੍ਹਾਂ ਨੂੰ ਕਿੱਥੇ ਇਸਤੇਮਾਲ ਕੀਤਾ ਹੈ, ਕੋਈ ਪਤਾ ਨਹੀਂ।
ਇਸ ਬਾਰੇ ਜਾਣਕਾਰੀ ਲਈ ਬਕਾਇਦਾ ਉਨ੍ਹਾਂ ਵੱਲੋਂ ਇੱਕ ਆਰਟੀਆਈ ਪਾ ਕੇ ਜਾਣਕਾਰੀ ਮੰਗੀ ਗਈ ਹੈ, ਕਿ ਦੱਸਿਆ ਜਾਵੇ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਗਊ ਸੈੱਸ ਤੋਂ ਕਿੰਨੀ ਰਾਸ਼ੀ ਇਕੱਠੀ ਹੋਈ ਹੈ, ਤੇ ਕਿਸ ਜਗ੍ਹਾ 'ਤੇ ਖਰਚ ਕੀਤੀ ਗਈ ਹੈ।
ਖੰਨਾ ਨੇ ਸਵਾਲ ਖੜ੍ਹੇ ਕੀਤੇ ਕਿ ਗਊ ਰੱਖਿਆ ਦੇ ਨਾਂਅ 'ਤੇ ਇਕੱਠੀ ਕੀਤੀ ਗਈ ਰਾਸ਼ੀ ਜਨਤਾ ਦੀ ਹੈ, ਜਦਕਿ ਇਹ ਰਾਸ਼ੀ ਗਊਆਂ ਦੀ ਰੱਖਿਆ ਲਈ ਖਰਚ ਹੋਣੀ ਚਾਹੀਦੀ ਹੈ, ਪਰ ਅਫ਼ਸੋਸ ਜ਼ਿਲ੍ਹਾ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਅੱਜ ਤੱਕ ਇੱਕ ਵੀ ਮੀਟਿੰਗ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਬਾਰੇ ਸੋਚਿਆ ਹੁੰਦਾ ਤਾਂ ਬਹੁਤ ਸਾਰੀਆਂ ਗਾਵਾਂ ਦੀਆ ਜਾਨਾਂ ਬਚਾਈਆਂ ਜਾ ਸਕਦੀਆਂ ਸਨ।
ਇਸ ਮੌਕੇ ਖੰਨਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਇੱਕ ਆਰਟੀਆਈ ਮੰਗ ਕੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਕਿ ਇਕੱਠਾ ਹੋਇਆ ਧਨ ਕਿਸ ਜਗ੍ਹਾ 'ਤੇ ਖਰਚ ਕੀਤਾ ਗਿਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਕੋਈ ਠੋਸ ਕਦਮ ਉਠਾਉਣਗੇ ਤਾਂ ਕਿ ਗਊਆਂ ਦੀ ਰੱਖਿਆ ਸੰਬੰਧੀ ਕੋਈ ਠੋਸ ਨੀਤੀ ਬਣਾਈ ਜਾ ਸਕੇ।