ਹੁਸ਼ਿਆਰਪੁਰ: ਲਵਪ੍ਰੀਤ ਅਤੇ ਬੇਅੰਤ ਕੌਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਹੁਣ ਕਈ ਅਜਿਹੇ ਹੋਰ ਨੌਜਵਾਨ ਜਿਹੜੇ ਵਿਦੇਸ਼ ਵਿਚ ਬੈਠੇ ਆਪਣੇ ਜੀਵਨ ਸਾਥੀ ਦੇ ਸੱਦੇ ਦੀ ਉਡੀਕ ਵਿਚ ਹਨ ਉਹ ਸਾਹਮਣੇ ਆ ਰਹੇ ਹਨ।
ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮਾਹਿਲਪੁਰ ਦੇ ਅਧੀਨ ਪੈਂਦੇ ਪਿੰਡ ਤਾਜੋਵਾਲ ਦੇ ਰਹਿਣ ਵਾਲੀ ਗੁਰਪ੍ਰੀਤ(24) ਦਾ ਵਿਆਹ 2019 ਵਿੱਚ ਮਨਮੀਤ ਕੌਰ ਨਾਲ ਹੋਇਆ ਸੀ ਅਤੇ 15 ਦਿਨ ਬਾਅਦ ਮਨਪ੍ਰੀਤ ਦੀ ਕੈਨੇਡਾ ਦੀ ਫਲਾਈਟ ਸੀ ।
ਗੁਰਪ੍ਰੀਤ ਵਲੋਂ ਸੁਣਾਈ ਗਈ ਹੱਡ ਬੀਤੀ ਮੁਤਾਬਕ ਮਨਪ੍ਰੀਤ ਦਾ ਜੀਜਾ ਮਾਹਿਲਪਰ ਵਿਖੇ ਆਈਲੇਟਸ ਸੈਂਟਰ ਚਲਾਉਂਦਾ ਹੈ ਅਤੇ ਉਨ੍ਹਾਂ ਨੇ ਗੁਰਪ੍ਰੀਤ ਦੇ ਜਾਣਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਸਾਲੀ ਮਨਮੀਤ ਕੌਰ ਵਾਸੀ ਪਿੰਡ ਖੜੋਦੀ ਥਾਣਾ ਮਾਹਿਲਪਰ ਲਈ ਲੜਕਾ ਚਾਹੀਦਾ ਹੈ ਜਿਹੜਾ ਮਨਮੀਤ ਦੀ ਫੀਸ ਭਰ ਕੇ ਉਸਨੂੰ ਵਿਦੇਸ਼ ਭੇਜ ਸਕੇ ਅਤੇ ਉਸ ਤੋਂ ਬਾਅਦ ਮਨਪ੍ਰੀਤ ਉਸ ਮੁੰਡੇ ਨੂੰ ਵੀ ਕੈਨੇਡਾ ਬੁਲਾ ਲਵੇਗੀ। ਗੁਰਪ੍ਰੀਤ ਮੁਤਾਬਕ ਉਨ੍ਹਾਂ ਦਾ ਕਰੀਬ 20 ਲੱਖ ਰੁਪਈਆ ਲੱਗ ਚੁੱਕਿਆ ਹੈ।
ਇਸ ਜਾਣਕਾਰੀ ਤੋਂ ਬਾਅਦ ਗੁਰਪ੍ਰੀਤ ਦੇ ਮਾਤਾ ਪਿਤਾ ਮਨਮੀਤ ਦੇ ਪਰਿਵਾਰ ਅਤੇ ਮਨਮੀਤ ਨੂੰ ਮਿਲੇ ਜਿਥੇ ਇਹਨਾਂ ਦਾ ਵਿਆਹ ਤਹਿ ਹੋ ਗਿਆ। 4 ਭੈਣਾਂ ਦੇ ਭਰਾ ਗੁਰਪ੍ਰੀਤ ਦਾ ਵਿਆਹ ਉਸ ਦੇ ਘਰ ਵਾਲਿਆਂ ਨੇ ਪੂਰੇ ਰੀਝ ਨਾਲ ਕੀਤਾ ਅਤੇ ਵਿਆਹ ਤੋਂ ਪਹਿਲਾਂ ਹੀ ਮਨਮੀਤ ਦੀਆਂ ਫੀਸਾਂ ਕੈਨੇਡਾ ਦੀ ਯੂਨੀਵਰਸਿਟੀ ਨੂੰ ਭੇਜ ਦਿੱਤੀਆਂ। ਵਿਆਹ ਤੋਂ 15 ਦਿਨ ਬਾਅਦ ਮਨਮੀਤ ਦੀ ਕੈਨੇਡਾ ਦੀ ਫਲਾਈਟ ਹੋ ਗਈ ਅਤੇ ਨਾਲ ਹੀ ਸ਼ੁਰੂ ਹੋਇਆ ਗੁਰਪ੍ਰੀਤ ਦਾ ਆਸਾ ਦਾ ਸਫ਼ਰ।
ਗੁਰਪ੍ਰੀਤ ਮੁਤਾਬਕ ਕੈਨੇਡਾ ਪਹੁੰਚ ਕੇ ਮਨਮੀਤ ਨੇ ਉਸ ਨਾਲ ਗੱਲ ਕਰਨੀ ਅਤੇ ਚੈਟ ਕਰਨੀ ਬੰਦ ਕਰ ਦਿੱਤੀ ਜਦੋਂ ਗੁਰਪ੍ਰੀਤ ਨੇ ਇਸ ਬਾਰੇ ਮਨਮੀਤ ਦੇ ਪਰਿਵਾਰ ਨੂੰ ਦੱਸਿਆ ਤਾਂ ਉਨ੍ਹਾਂ ਨੇ ਕਲਾਸਾਂ ਵਿਚ ਵਿਅਸਤ ਹੋਣ ਦੀ ਗੱਲ ਕਹੀ। ਨੌਜਵਾਨ ਨੇ ਦੱਸਿਆ ਕਿ ਮਨਮੀਤ ਉਸ ਨੂੰ ਫੋਨ ਪੈਸੇ ਦੀ ਲੋੜ ਵੇਲੇ ਕਰਦੀ। ਉਸਨੇ ਦੱਸਿਆ ਕਿ ਮਨਮੀਤ ਵਲੋਂ ਜਦੋਂ 2500 ਡਾਲਰ ਦੀ ਮੰਗ ਕੀਤੀ ਗਈ ਤਾਂ ਗੁਰਪ੍ਰੀਤ ਅਤੇ ਉਸ ਦੇ ਪਿਤਾ ਵਲੋਂ ਗੁਰਪ੍ਰੀਤ ਦਾ ਵੀਜ਼ਾ ਭੇਜਣ ਦੀ ਗੱਲ ‘ਤੇ ਜੋਰ ਪਾਇਆ ਗਿਆ ਅਤੇ ਪੈਸੇ ਭੇਜਣ ਤੋਂ ਨਾਂਹ ਕੀਤੀ ਗਈ।
ਸਾਲ 2020 ਵਿਚ ਗੁਰਪ੍ਰੀਤ ਦੇ ਪਿਤਾ ਨੇ SSP ਹੁਸ਼ਿਆਰਪੁਰ ਨੂੰ ਇਕ ਅਰਜ਼ੀ ਦਿੱਤੀ ਜਿਸ ਵਿਚ ਮਨਮੀਤ ਦੇ ਜੀਜੇ ਅਤੇ ਪਿਤਾ ਅਤੇ ਮਨਮੀਤ ਦੇ ਧੋਖੇ ‘ਤੇ ਕਰਵਾਈ ਦੀ ਬੇਨਤੀ ਕੀਤੀ। ਲਗਭਗ ਇਕ ਸਾਲ ਧੱਕੇ ਖਾਣ ਤੋਂ ਬਾਅਦ 20/7/2021 ਨੂੰ ਮਾਹਿਲਪੁਰ ਪੁਲਿਸ ਵਲੋਂ ਮਨਮੀਤ, ਉਸ ਦੇ ਪਿਤਾ ਦਿਲਾਵਰ ਸਿੰਘ ਅਤੇ ਮਨਮੀਤ ਦੇ ਜੀਜੇ ਹਰਸ਼ਰਨ ਸਿੰਘ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਪੁੱਤਰ ਦੇ ਸੁਖੀ ਜੀਵਨ ਦਾ ਸੁਪਨਾ ਲੈਣ ਵਾਲੇ ਗੁਰਪ੍ਰੀਤ ਦੇ ਮਾਪੇ ਤਰਸ ਯੋਗ ਹਾਲਾਤ ਵਿਚ ਆਪਣੀ ਜ਼ਿੰਦਗੀ ਭਰ ਦੀ ਜਮਾ ਪੂੰਜੀ ਗਵਾ ਕੇ ਰੋਣ ਨੂੰ ਮਜਬੂਰ ਹਨ। ਗੁਰਪ੍ਰੀਤ ਵੀ ਬਜ਼ੁਰਗ ਮਾਪਿਆਂ ਦੀ ਇਸ ਹਾਲਤ ‘ਤੇ ਧਾਹਾਂ ਮਾਰ ਕੇ ਰੋਂਦਾ ਨਜ਼ਰ ਆਇਆ।