ਹੁਸ਼ਿਆਰਪੁਰ: ਇਸ ਮਹੀਨੇ 14 ਅਪ੍ਰੈੇਲ ਨੂੰ ਅੰਮ੍ਰਿਤਪਾਲ ਦੀ ਮਦਦ ਕਰਨ ਦੇ ਇਲਜ਼ਾਮ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਦਾ ਇਲਜ਼ਾਮ ਸੀ ਕਿ ਮੁਲਜ਼ਮਾਂ ਨੇ ਅੰਮ੍ਰਿਤਪਾਲ ਦੀ ਹੁਸ਼ਿਆਰਪੁਰ ਤੋਂ ਫਰਾਰ ਹੋਣ ਵਿੱਚ ਮਦਦ ਕੀਤੀ ਸੀ। ਇਸ ਦੌਰਾਨ ਪੁਲਿਸ ਨੇ ਇੱਕ ਵਕੀਲ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਦੂਜੇ ਪਾਸੇ ਹੁਣ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਵੱਡੀ ਰਾਹਤ ਕੋਰਟ ਵੱਲੋਂ ਦਿੱਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਕੇਸ ਵਿੱਚ ਫੜ੍ਹੇ ਗਏ ਮੁਲਜ਼ਮਾਂ ਨੂੰ ਇਹ ਪਹਿਲੀ ਜ਼ਮਾਨਤ ਮਿਲੀ ਹੈ। ਦੱਸ ਦਈਏ ਕੁੱਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਵਿੱਚੋਂ 3 ਮੁਚੱਲਕਾ ਭਰ ਕੇ ਬਾਹਰ ਆ ਗਏ ਅਤੇ ਇਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਜੇਲ੍ਹ ਦੇ ਬਾਹਰ ਪਹੁੰਚੇ ਸਨ।
40 ਹਜ਼ਾਰ ਰੁਪਏ ਮੁਚੱਲਕਾ: ਮੁਲਜ਼ਮਾਂ ਦੇ ਐਡਵੋਕੇਟ ਹਰਪ੍ਰੀਤ ਸਿੰਘ ਚੱਗਰ ਨੇ ਦੱਸਿਆ ਕਿ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਬਹੁਤ ਸਾਰੇ ਪਰਦੇ ਉੱਠ ਰਹੇ ਨੇ ਜਿਸ ਕਾਰਨ ਬੇਕਸੂਰ ਨੌਜਵਾਨਾਂ ਦੀ ਰਿਹਾਈ ਵੀ ਜੇਲ੍ਹ ਵਿੱਚੋ ਹੁਣ ਸੰਭਵ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਇੱਕ ਨੌਜਵਾਨ ਦਾ ਬੇਲ ਬਾਂਡ ਯਾਨਿ ਕਿ ਮੁਚੱਲਕਾ ਭਰਿਆ ਜਾਣਾ ਫਿਲਹਾਲ ਬਾਕੀ ਹੈ, ਇਸ ਲਈ ਫਿਲਹਾਲ ਉਸ ਦੀ ਜ਼ਮਾਨਤ ਭਲਕੇ ਹੋਵੇਗੀ। ਉਨ੍ਹਾਂ ਕਿਹਾ ਮੁਲਜ਼ਮਾਂ ਦੀ ਜ਼ਮਾਨਤ 40 ਹਜ਼ਾਰ ਰੁਪਏ ਮੁਚੱਲਕਾ ਭਰਕੇ ਮਨਜ਼ੂਰ ਹੋਈ ਹੈ।
ਸੁਣਵਾਈ ਹੋਣ ਤੋਂ ਬਾਅਦ ਅਦਾਲਤ ਵੱਲੋਂ ਜ਼ਮਾਨਤ: ਦੱਸ ਦਈਏ ਬੀਤੇ ਦਿਨੀਂ ਹੁਸ਼ਿਆਰਪੁਰ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਮਦਦ ਕਰਨ ਦੇ ਇਲਜ਼ਾਮ ਵਿੱਚ 3 ਨੌਜਵਾਨਾਂ ਰਾਜਦੀਪ ਸਿੰਘ, ਸਰਜੀਤ ਸਿੰਘ ਅਤੇ ਗੋਗਾ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਜਿਨ੍ਹਾਂ ਦੀ ਅੱਜ ਜ਼ਮਾਨਤ ਹੋਣ ਤੋਂ ਬਾਅਦ ਇਨ੍ਹਾਂ ਵਿੱਚੋਂ 2 ਜੇਲ੍ਹ ਵਿੱਚੋਂ ਬਾਹਰ ਆਏ ਹਨ। ਇਸ ਮੌਕੇ ਨੌਜਵਾਨਾਂ ਦੇ ਮਾਪੇ ਵੀ ਪਹੁੰਚੇ ਹੋਏ ਸਨ ਤੇ ਐਡਵੋਕੇਟ ਹਰਪ੍ਰੀਤ ਸਿੰਘ ਚੱਗਰ ਵੀ ਮੌਜੂਦ ਸਨ। ਗੱਲਬਾਤ ਦੌਰਾਨ ਹਰਪ੍ਰੀਤ ਸਿੰਘ ਚੱਗਰ ਨੇ ਦੱਸਿਆ ਕਿ 21 ਅ੍ਰਪੈਲ ਨੂੰ ਇਨ੍ਹਾਂ ਨੌਜਵਾਨਾਂ ਦੀ ਜ਼ਮਾਨਤ ਅਰਜ਼ੀ ਲਗਾਈ ਗਈ ਸੀ ਜਿਸ ਉੱਤੇ ਅੱਜ ਸੁਣਵਾਈ ਹੋਣ ਤੋਂ ਬਾਅਦ ਅਦਾਲਤ ਵੱਲੋਂ ਜ਼ਮਾਨਤ ਦਿੱਤੀ ਗਈ ਹੈ।
ਦੱਸ ਦਈਏ ਇਨ੍ਹਾਂ ਮੁਲਜ਼ਮਾਂ ਉੱਤੇ ਇਲਜ਼ਾਮ ਸੀ ਕਿ ਕੈਨੇਡਾ ਤੋਂ ਕਿਸੇ ਐੱਨ.ਆਰ.ਆਈ ਨੇ 90 ਹਜ਼ਾਰ ਰੁਪਏ ਦੀ ਰਕਮ ਭੇਜੀ ਸੀ ਜੋ ਕਿ ਇਨ੍ਹਾਂ ਲੋਕਾਂ ਨੇ ਅੱਗੇ ਅੰਮ੍ਰਿਤਪਾਲ ਸਿੰਘ ਤੱਕ ਪਹੁੰਚਾਏ। ਇਹ ਵੀ ਕਿਹਾ ਗਿਆ ਸੀ ਕਿ ਇਨ੍ਹਾਂ ਮੁਲਜ਼ਮਾਂ ਵੱਲੋਂ ਹੀ ਕੁਝ ਸਮੇਂ ਲਈ ਅੰਮ੍ਰਿਤਪਾਲ ਸਿੰਘ ਦੀ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿੱਚ ਹੀ ਐਕਸ਼ਨ ਕਰਦਿਆਂ ਪੁਲਿਸ ਨੇ ਨਾਲ ਲਗਦੇ ਪਿੰਡ ਰਾਜਪੁਰ ਭਾਈਆਂ ਦੇ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸਕੇ ਭਰਵਾਂ ਉੱਤੇ ਇਲਜ਼ਾਮ ਹੈ ਕਿ 28 ਮਾਰਚ ਨੂੰ ਪਿੰਡ ਮਰਨਾਈਆਂ ਤੋਂ ਜਦ ਅੰਮ੍ਰਿਤਪਾਲ ਸਿੰਘ ਫਰਾਰ ਹੋਇਆ ਸੀ ਤਾਂ ਉਹ ਇਨ੍ਹਾਂ ਦੋਹਾਂ ਭਰਾਵਾਂ ਨੂੰ ਉਸ ਰਾਤ ਮਿਲਿਆ ਸੀ ਅਤੇ ਦੋਵੇਂ ਭਰਾਵਾਂ ਨੇ ਉਸ ਦੀ ਮਦਦ ਕੀਤੀ ਸੀ।
ਇਹ ਵੀ ਪੜ੍ਹੋ: ਪਿੰਡ ਰੋਡੇ 'ਚ ਅੰਮ੍ਰਿਤਪਾਲ ਦੀ ਗ੍ਰਿਫ਼ਤਰੀ ਤੋਂ ਪਹਿਲਾਂ ਸੀਐੱਮ ਮਾਨ ਨੇ ਕਿਹਾ- ਨਾ ਚਲਾਈ ਜਾਵੇ ਇੱਕ ਵੀ ਗੋਲੀ, ਪੜ੍ਹੋ ਪੂਰੀ ਖ਼ਬਰ