ਹੁਸ਼ਿਆਰਪੁਰ: ਬਲਾਕ ਮਾਹਿਲਪੁਰ ਦੇ ਪਿੰਡ ਬਾੜੀਆਂ ਕਲਾਂ ਦੇ ਪੰਜ ਸਾਲ ਪਹਿਲਾਂ ਰੋਜ਼ੀ ਰੋਟੀ ਲਈ ਦੁਬਈ ਗਏ ਇੱਕ ਨੌਜਵਾਨ ਨੇ ਆਪਣੇ ਨੇੜਲੀ ਇਮਾਰਤ ਵਿੱਚ ਰਹਿੰਦੇ ਜਲੰਧਰ ਦੇ ਇੱਕ ਨੌਜਵਾਨ ਤੋਂ ਤੰਗ ਆ ਕੇ ਆਪਣੇ ਕਮਰੇ ਵਿਚ ਹੀ ਪੱਖ਼ੇ ਨਾਲ ਫ਼ਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰ ਲਈ। ਮਰਨ ਤੋਂ ਪਹਿਲਾਂ ਮ੍ਰਿਤਕ ਨੇ ਇੱਕ ਵੀਡੀਓ ਬਣਾ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਖ਼ੁਦਕੁਸ਼ੀ ਦੀ ਖ਼ਬਰ ਸੁਣਦੇ ਹੀ ਪਰਿਵਾਰ 'ਤੇ ਦੁੱਖ਼ਾਂ ਦਾ ਪਹਾੜ ਡਿੱਗ ਪਿਆ।
ਆਰਥਿਕ ਹਾਲਤ ਸੁਧਾਰਨ ਲਈ ਗਿਆ ਸੀ ਦੁਬਈ: ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਪੱਤਰ ਲਿਖ ਕੇ ਲਾਸ਼ ਦੁਬਈ ਤੋਂ ਮੰਗਵਾਉਣ ਅਤੇ ਕਥਿਤ ਦੋਸ਼ੀ ਵਿਅਕਤੀ ਵਿਰੁੱਧ ਵੀ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਮਜੀਤ ਕੁਮਾਰ (ਪਿਤਾ) ਨੇ ਆਪਣੇ ਪੁੱਤਰ ਦੇ ਸਾਰੇ ਕਾਗਜਾਤ ਸਿਟੀ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਚੰਚਲ ਵਰਮਾ ਅਤੇ ਭਾਜਪਾ ਨੇਤਾ ਡਾ ਦਿਲਬਾਗ ਰਾਏ ਨੂੰ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰਵੀ ਕੁਮਾਰ ਨੂੰ 2017 ਵਿਚ ਕਰਜਾ ਚੁੱਕ ਦੇ ਘਰ ਦੀ ਵਿੱਤੀ ਹਾਲਤ ਸੁਧਾਰਣ ਲਈ ਦੁਬਈ ਭੇਜਿਆ ਸੀ। ਉਸ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਪੁੱਤਰ ਨੇ ਫ਼ੋਨ ਕਰਕੇ ਦੱਸਿਆ ਸੀ ਕਿ ਉਨ੍ਹਾਂ ਦੀ ਨਾਲ ਦੀ ਇਮਾਰਤ ਵਿਚ ਰਹਿੰਦੇ ਜਲੰਧਰ ਦੇ ਹਨੀ ਨਾਮਕ ਇੱਕ ਨੌਜਵਾਨ ਨੇ ਉਸ ਨੂੰ ਬਹੁਤ ਤੰਗ ਕੀਤਾ ਹੋਇਆ ਸੀ।
ਜਲੰਧਰ ਦੇ ਹਨੀ ਵੱਲੋਂ ਦੁਬਈ 'ਚ ਪਰੇਸ਼ਾਨ ਕਰਨ ਦੇ ਦੋਸ਼: ਪਿਤਾ ਨੇ ਦੱਸਿਆ ਕਿ ਉਹ ਇੱਕ ਲੜਕੀ ਨੂੰ ਪਿਆਰ ਕਰਦਾ ਸੀ ਅਤੇ ਹਨੀ ਨੇ ਉਸ ਦਾ ਫ਼ੋਨ ਖ਼ੋਹ ਕੇ ਗਲਤ ਤਰ੍ਹਾਂ ਦੇ ਸੰਦੇਸ਼ ਕਰਕੇ ਪਹਿਲਾਂ ਉਨ੍ਹਾਂ ਵਿਚ ਲੜਾਈ ਕਰਵਾ ਦਿੱਤੀ ਅਤੇ ਬਾਅਦ ਵਿਚ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਚਾਰ ਕੁ ਦਿਨ ਪਹਿਲਾਂ ਉਸ ਦੇ ਪੁੱਤਰ ਰਵੀ ਨੇ ਦੁਬਈ ਤੋਂ ਇੱਕ ਵੀਡੀਓ ਬਣਾ ਕੇ ਉਨ੍ਹਾਂ ਨੂੰ ਪਾਈ ਅਤੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੇ ਪੁੱਤਰ ਨੂੰ ਸਮਝਾਇਆ ਸੀ ਕਿ ਸਭ ਕੁੱਝ ਛੱਡ ਕੇ ਆ ਜਾਵੇ ਪਰੰਤੂ 26 ਨਵੰਬਰ ਨੂੰ ਉਸ ਦੁਬਈ ਵਿਚਲੇ ਆਪਣੇ ਕਮਰੇ ਵਿਚ ਫ਼ਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰ ਲਈ। ਉਨ੍ਹਾਂ ਦੱਸਿਆ ਕਿ 27 ਤਰੀਕ ਨੂੰ ਉਨ੍ਹਾਂ ਨੂੰ ਦੁਬਈ ਤੋਂ ਫ਼ੋਨ ਆਇਆ ਕਿ ਉਨ੍ਹਾਂ ਦਾ ਪੁੱਤਰ ਖ਼ਤਮ ਹੋ ਚੁੱਕਾ ਹੈ।
ਪਿਤਾ ਨੇ ਦੋਸ਼ ਲਗਾਇਆ ਕਿ ਪਿਛਲੇ ਇੱਕ ਸਾਲ ਤੋਂ ਹਨੀ ਨਾਮਕ ਨੌਜਵਾਨ ਨੇ ਉਨ੍ਹਾਂ ਦੇ ਪੁੱਤਰ ਦੀ ਜਿੰਦਗੀ ਨਰਕ ਬਣਾ ਕੇ ਰੱਖ਼ੀ ਹੋਈ ਸੀ ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਮੁੱਖ਼ ਮੰਤਰੀ ਭਗਵੰਤ ਮਾਨ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਪੱਤਰ ਲਿਖ਼ ਕੇ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਦੁਬਈ ਤੋਂ ਮੰਗਵਾਈ ਜਾਵੇ ਤਾਂ ਜੋ ਉਹ ਆਪਣੇ ਹੱਥੀ ਉਸ ਦਾ ਸਸਕਾਰ ਕਰ ਸਕਣ।
ਇਹ ਵੀ ਪੜ੍ਹੋ: ਭਾਰਤ-ਪਾਕਿ ਸਰਹੱਦ ਤੋਂ ਪਾਰ ਫਿਰ ਪੰਜਾਬ ਆਏ ਹੈਰੋਇਨ-ਹਥਿਆਰ, 7 ਕਿਲੋ ਹੈਰੋਇਨ ਸਣੇ ਹਥਿਆਰ ਬਰਾਮਦ