ਹੁਸ਼ਿਆਰਪੁਰ : ਹੁਸ਼ਿਆਰਪੁਰ ਵਿੱਚ ਦੋਆਬੇ ਦੀਆਂ ਕਿਸਾਨ ਜਥੇਬੰਦੀਆਂ ਅਤੇ ਕੰਢੀ ਦੇ ਇਲਾਕੇ ਦੇ ਕਈ ਮੋਹਤਬਰਾਂ ਵੱਲੋਂ ਪ੍ਰੈੱਸ ਕਲੱਬ ਵਿਖੇ ਇੱਕ ਪ੍ਰੈੱਸ ਕਾਨਫਰੰਸ ਰੱਖੀ ਗਈ। ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਜੰਗਵੀਰ ਸਿੰਘ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਕੰਢੀ ਨਹਿਰ ਦੇ ਲੰਬੇ ਸਮੇਂ ਤੋਂ ਚੱਲ ਰਹੇ ਮਸਲੇ ਨੂੰ ਲੈ ਕੇ ਧਰਨਾ 15ਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਕੰਢੀ ਨਹਿਰ ਇਸ ਦਾ ਵਾਇਆ ਤਕਰੀਬਨ 16 ਮੀਟਰ ਹੈ। ਜਿਸ ਨੂੰ ਪੂਰੀ ਤਰ੍ਹਾਂ ਪੱਕਾ ਕਰਕੇ ਅਤੇ ਡਬਲ ਲੇਅਰ ਤਰਪਾਲ ਪਾਈ ਜਾ ਰਹੀ ਹੈ। ਜਿਸ ਕਾਰਨ ਕੰਢੀ ਇਲਾਕੇ ਦੇ ਲੋਕਾਂ ਅਤੇ ਖਾਸਕਰ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨਾਲ-ਨਾਲ ਕਈ ਕਿਸਾਨ ਜਥੇਬੰਦੀਆਂ ਵੀ ਇਸ ਧਰਨੇ ਵਿੱਚ ਸ਼ਾਮਲ ਹਨ।
ਉਨ੍ਹਾਂ ਦੀਆਂ ਮੰਗਾਂ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਹੋਰ ਦੱਸਿਆ ਕਿ ਨਹਿਰ ਨੂੰ ਪੱਕੀ ਕਰਨ ਦਾ ਜਿਥੇ ਉਨ੍ਹਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ। ਉੱਥੇ ਹੀ ਉਨ੍ਹਾਂ ਦੀਆਂ ਕੁਝ ਹੋਰ ਮੰਗਾਂ ਵੀ ਹਨ ਜਿਸ ਵਿੱਚ ਮੁੱਖ ਤੌਰ ਉੱਤੇ ਨਹਿਰ ਦੇ ਆਲੇ ਦੁਆਲੇ ਰੇਲਿੰਗ ਲਗਾਈ ਜਾਵੇ ਤਾਂ ਕਿ ਕੋਈ ਦੁਰਘਟਨਾ ਨਾ ਹੋਵੇ ਅਤੇ ਇਸਦੇ ਨਾਲ ਹੀ ਚੜ੍ਹਦੇ ਪਾਸੇ ਦੇ ਕਿਸਾਨਾਂ ਨੂੰ ਵੀ ਨਹਿਰੀ ਪਾਣੀ ਦਾ ਲਾਹਾ ਮਿਲਣਾ ਚਾਹੀਦਾ ਹੈ। ਪਰੰਤੂ ਚੜ੍ਹਦਾ ਪਾਸਾ ਉੱਚਾ ਹੋਣ ਕਰਕੇ ਉਸ ਪਾਸੇ ਦੇ ਕਿਸਾਨਾਂ ਨੂੰ ਉਸ ਪਾਣੀ ਦਾ ਲਾਹਾ ਨਹੀਂ ਮਿਲਦਾ।
ਜਿਸ ਕਾਰਨ ਉਹ ਮੰਗ ਕਰਦੇ ਹਨ ਕਿ ਪੰਪ ਲਗਾ ਕੇ ਨਹਿਰ ਵਿਚੋਂ ਪਾਣੀ ਲੈ ਜਾਣ ਦੀ ਇਜਾਜ਼ਤ ਕਿਸਾਨਾਂ ਨੂੰ ਦਿੱਤੀ ਜਾਵੇ। ਉਹਨਾਂ ਇਹ ਵੀ ਦੱਸਿਆ ਕਿ ਹੁਣ ਇਸ ਇਲਾਕੇ ਦੇ ਉਹ ਸਾਰੇ ਬੋਰ ਜਾਂ ਤਾਂ ਸੁੱਕ ਚੁੱਕੇ ਹਨ ਜਾਂ ਸੁੱਕਣ ਕਿਨਾਰੇ ਹਨ ਅਤੇ ਜੇ ਨਹਿਰ ਨੂੰ ਕੱਚੀਆਂ ਰੱਖਿਆ ਜਾਵੇਗਾ ਤਾਂ ਵਾਟਰ ਰੀਚਾਰਜ ਹੋਵੇਗਾ ਅਤੇ ਬੰਦ ਪਏ ਬੋਰ ਵੀ ਚਲਦੇ ਪੈਣਗੇ।
ਇਹ ਵੀ ਪੜ੍ਹੋ : ਜੇਲ੍ਹ ’ਚ ਬੰਦ ਨਵਜੋਤ ਸਿੱਧੂ ਨੂੰ ਮਿਲਣ ਪਹੁੰਚੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ