ਹੁਸ਼ਿਆਰਪੁਰ: ਦਸੂਹਾ ਦੇ ਪਿੰਡ ਨੰਬਰ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਬਰਖਾ ਰਾਣੀ ਨੇ ਮਿਹਨਤ ਸਦਕਾ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਬਰਖਾ ਨੇ ਦਸਵੀਂ ਕਲਾਸ 'ਚ 97.07 ਫੀਸਦ ਅੰਕ ਹਾਸਲ ਕੀਤੇ ਸਨ ਜਿਸ ਦੇ ਇਨਾਮ ਵਜੋਂ ਹੁਣ ਉਸ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲ ਰਿਹਾ ਹੈ।
ਜਾਪਾਨ 'ਚ ਸਕੁਰਾ ਸਾਈਂਸ ਐਕਸਚੇਂਜ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। 35 ਦੇਸ਼ਾਂ ਦੇ ਵਿਦਿਆਰਥੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਗੇ ਤੇ ਉਨ੍ਹਾਂ 'ਚੋਂ ਇੱਕ ਬਰਖਾ ਰਾਣੀ ਵੀ ਹੋਵੇਗੀ। ਬਰਖਾ, ਭਾਰਤ ਸਰਕਾਰ ਦੇ ਖ਼ਰਚ 'ਤੇ ਜਾਪਾਨ ਜਾਵੇਗੀ
ਬਰਖਾ ਦੀ ਇਸ ਸਫ਼ਲਤਾ ਨੂੰ ਲੈ ਕੇ ਮਾਪਿਆਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਇਥੋਂ ਤੱਕ ਕਿ ਮਾਂ ਦੇ ਹੰਝੂ ਨਿਕਲ ਆਏ। ਉਨ੍ਹਾਂ ਨੂੰ ਆਪਣੇ ਪੁਰਾਣੇ ਦਿਨ ਯਾਦ ਆ ਗਏ ਜਦ ਬਚਪਨ 'ਚ ਗਰੀਬੀ ਕਾਰਨ ਉਨ੍ਹਾਂ ਨੂੰ ਅੱਗੇ ਪੜ੍ਹਨ ਦਾ ਮੌਕਾ ਨਹੀਂ ਮਿਲਿਆ। ਉਦੋਂ ਤੋਂ ਉਨ੍ਹਾਂ ਧਾਰ ਲਿਆ ਸੀ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਪੂਰੀ ਵਾਹ ਲਾ ਦੇਣਗੇ।
ਅੱਜ ਵੀ ਬਰਖਾ ਦੇ ਘਰ ਦੀ ਵਿੱਤੀ ਹਾਲਤ ਬਹੁਤ ਚੰਗੀ ਨਹੀਂ ਹੈ। ਪਿਤਾ ਮਾਲੀ ਹਨ। ਪਰਿਵਾਰ 'ਚ ਤਿੰਨ ਬੱਚੇ ਹਨ। ਵੱਡੀ ਬੇਟੀ ਬੀਐਸਸੀ ਐਗਰੀਕਲਚਰ ਦੀ ਸਿੱਖਿਆ ਹਾਸਲ ਕਰ ਰਹੀ ਹੈ ਜਦਕਿ ਛੋਟਾ ਭਰਾ ਜਲੰਧਰ ਵਿੱਚ ਪੜ੍ਹਦਾ ਹੈ।
ਬਰਖਾ ਨੂੰ ਮਿਲੇ ਇਸ ਮੌਕੇ ਨੂੰ ਲੈ ਕੇ ਉਸ ਦੇ ਮਾਪਿਆਂ ਤੋਂ ਇਲਾਵਾ ਉਸ ਦੇ ਅਧਿਆਪਕ ਵੀ ਸੱਤਵੇਂ ਆਸਮਾਨ 'ਤੇ ਹਨ। ਸਕੂਲ ਪ੍ਰਿੰਸੀਪਲ ਰਾਕੇਸ਼ ਠਾਕੁਰ ਨੇ ਦੱਸਿਆ ਕਿ ਬਰਖਾ ਰਾਣੀ ਪੜ੍ਹਨ ਚ ਬਹੁਤ ਹੁਸ਼ਿਆਰ ਹੈ। ਉਸ ਨੇ ਸਰਕਾਰੀ ਸਕੂਲ ਚ ਹੀ ਪੜ੍ਹਾਈ ਕੀਤੀ ਹੈ ਤੇ ਹੁਣ 11ਵੀਂ ਕਲਾਸ 'ਚ ਉਸ ਨੇ ਨਾਨ ਮੈਡੀਕਲ ਰੱਖਿਆ ਹੈ।