ਗੁਰਦਾਸਪੁਰ: ਦੇਸ਼ ਵਿੱਚ ਦਿਨੋਂ ਦਿਨ ਵੱਧ ਰਹੀਆਂ ਤੇਲ ਅਤੇ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਇਸ ਤੇਲ ਅਤੇ ਐਲਪੀਜੀ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਖ਼ਿਲਾਫ਼ ਬਾਬਾ ਬਕਾਲਾ ਵਿਖੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਦੀ ਅਗਵਾਈ ਹੇਠ ਨੌਜਵਾਨਾਂ ਵਲੋਂ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜੀ ਕਰਦੇ ਹੋਏ ਤੇਲ ਅਤੇ ਐਲਪੀਜੀ ਗੈਸ ਦੀਆਂ ਕੀਮਤਾਂ ਨੂੰ ਘਟਾਉਣ ਦੀ ਮੰਗ ਕੀਤੀ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਿੰਦਾ ਰੰਧਾਵਾ ਨੇ ਕਿਹਾ ਕਿ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਮੂਹ ਪੰਜਾਬ ਯੂਥ ਕਾਂਗਰਸ ਤਰਫੋਂ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਦੇਸ਼ ’ਚ ਕੀਤੀ ਜਾ ਰਹੀ ਅਥਾਹ ਮਹਿੰਗਾਈ ਦਾ ਵਿਰੋਧ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਾਂਗਰਸ ਦੀ ਸੱਤਾ ਸਮੇਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਦੇਸ਼ ਦੇ ਅਰਥਚਾਰੇ ਅਤੇ ਖਾਸਕਰ ਖਾਦ ਪਦਾਰਥਾਂ ਦੀਆਂ ਕੀਮਤਾਂ ਨੂੰ ਸਥਿਰ ਰੱਖਦਿਆਂ ਦੇਸ਼ ਦੇ ਹਰ ਵਰਗ ਦਾ ਖਿਆਲ ਰੱਖਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵਲੋਂ ਸੱਤਾ ਵਿੱਚ ਆਉਣ ਸਾਰ ਹੀ ਹਰ ਤਰਫ ਰੋਜਾਨਾ ਵੱਧ ਰਹੀ ਮਹਿੰਗਾਈ ਕਾਰਣ ਹਾਹਕਾਰ ਮਚੀ ਹੋਈ ਹੈ ਅਤੇ ਹਾਲਾਤ ਇਹ ਹਨ ਕਿ ਆਮ ਵਰਗ ਦਾ ਵਿਅਕਤੀ ਦਿਨ ਭਰ ਦੀ ਮਿਹਨਤ ਤੋਂ ਬਾਅਦ ਵੀ ਅੱਜ ਆਪਣੇ ਸਾਧਨ ਵਿੱਚ ਤੇਲ ਭਰਵਾਉਣ ਅਤੇ ਘਰ ਵਿੱਚ ਰੋਟੀ ਪਕਾਉਣ ਲਈ ਵਰਤੀ ਜਾਂਦੀ ਐਲਪੀਜੀ ਗੈਸ ਨੂੰ ਭਰਵਾਉਣ ਤੋਂ ਅਸਮਰੱਥ ਦਿਖਾਈ ਦੇ ਰਿਹਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਦੇ ਹੱਕ ’ਚ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕੇਂਦਰ ਸਰਕਾਰ ਵਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ।