ਗੁਰਦਾਸਪੁਰ: ਪੰਜਾਬੀ ਮਾਂ ਬੋਲੀ ਦੇ ਉਘੇ ਸ਼ਾਇਰ ਅਤੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 48ਵੀਂ ਬਰਸੀ ਮੌਕੇ ਬਟਾਲਾ ਵਾਸੀਆਂ ਨੇ ਉਨਾਂ ਨੂੰ ਨਿੱਘੀ ਸ਼ਰਧਾਜਲੀ ਦਿੱਤੀ ਹੈ। ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਅੱਜ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਭਾਂਵੇ ਕੋਈ ਵੱਡਾ ਸਮਾਗਮ ਤਾਂ ਨਹੀਂ ਕੀਤਾ ਜਾ ਸਕਿਆ। ਪਰ ਸ਼ਿਵ ਬਟਾਲਵੀ ਕਲਾ ਤੇ ਸੱਭਿਆਚਾਰਕ ਕੇਂਦਰ ਵਿੱਚ ਬਟਾਲਾ ਵਾਸੀਆਂ ਨੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਕੇ ਆਪਣੇ ਪਿਆਰੇ ਸ਼ਾਇਰ ਨੂੰ ਯਾਦ ਜਰੂਰ ਕੀਤਾ ਹੈ। ਸ਼ਿਵ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਵੱਲੋਂ ਕਰਵਾਏ ਸ਼ਰਧਾਂਜਲੀ ਸਮਾਗਮ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਨਗਰ ਨਿਗਮ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ, ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਬਟਾਲਾ ਦੇ ਪ੍ਰਧਾਨ ਡਾ. ਰਵਿੰਦਰ ਸਿੰਘ, ਐੱਸ.ਡੀ.ਐੱਮ. ਬਟਾਲਾ ਬਲਵਿੰਦਰ ਸਿੰਘ, ਬਾਬਾ ਹਰਭਜਨ ਸਿੰਘ ਬਾਜਵਾ, ਅਤੇ ਹੋਰ ਸ਼ਿਵ ਸਨੇਹੀਆਂ ਨੇ ਅਜ਼ੀਮ ਸ਼ਾਇਰ ਸ਼ਿਵ ਬਟਾਲਵੀ ਨੂੰ ਆਪਣਾ ਖਿਰਾਜ਼-ਏ-ਅਕੀਦਤ ਭੇਟ ਕੀਤਾ।
ਇਸ ਮੌਕੇ ਸ਼ਿਵ ਬਟਾਲਵੀ ਨੂੰ ਯਾਦ ਕਰਦਿਆਂ ਡਾ. ਸਤਨਾਮ ਸਿੰਘ ਨਿੱਝਰ ਨੇ ਕਿਹਾ ਕਿ ਸ਼ਿਵ ਬਟਾਲਵੀ ਪੰਜਾਬੀ ਮਾਂ ਬੋਲੀ ਦਾ ਉਹ ਉੱਘਾ ਸ਼ਾਇਰ ਹੈ। ਜੋ ਹਮੇਸ਼ਾਂ ਲੋਕ ਦੇ ਮਨਾਂ ਵਿੱਚ ਜ਼ਿਊਂਦਾ ਰਹੇਗਾ। ਉਨਾਂ ਕਿਹਾ ਕਿ ਆਪਣੀ ਛੋਟੀ ਜਿਹੀ ਉਮਰੇ ਸ਼ਿਵ ਕੁਮਾਰ ਨੇ ਅਜਿਹੀਆਂ ਸ਼ਾਹਕਾਰ ਰਚਨਾਵਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ, ਕਿ ਪੂਰੀ ਦੁਨੀਆਂ ਵਿੱਚ ਪੰਜਾਬੀ ਮਾਂ ਬੋਲੀ ਦਾ ਝੰਡਾ ਬੁਲੰਦ ਹੋਇਆ ਹੈ। ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਬਟਾਲਾ ਦੇ ਪ੍ਰਧਾਨ ਡਾ. ਰਵਿੰਦਰ ਸਿੰਘ ਨੇ ਸ਼ਿਵ ਬਟਾਲਵੀ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸ਼ਿਵ ਬਟਾਲਵੀ ਨੇ ਇੱਕਲੀ ਬਿਰਹਾ ਦੀ ਕਵਿਤਾ ਹੀ ਨਹੀਂ ਲਿਖੀ, ਬਲਕਿ ਉਹ ਇੱਕ ਖੁਸ਼ ਮਿਜਾਜ ਅਤੇ ਸਮਾਜਿਕ ਕੁਰੀਤੀਆਂ ਖਿਲਾਫ਼ ਅਵਾਜ਼ ਬੁਲੰਦ ਕਰਨ ਵਾਲਾ ਸ਼ਾਇਰ ਵੀ ਸੀ। ਉਸਦਾ ਲਿਖਿਆ ਕਾਵਿ-ਨਾਟ ਲੂਣਾ ਉਸਦੀ ਸ਼ਾਹਕਾਰ ਰਚਨਾ ਹੈ। ਜਿਸ ਵਿੱਚ ਉਸਨੇ ਲੂਣਾ ਨੂੰ ਇੱਕ ਨਾਇਕਾ ਵੱਜੋਂ ਪੇਸ਼ ਕਰਕੇ ਸਮਾਜਿਕ ਮਿੱਥ ਨੂੰ ਤੋੜਿਆ ਹੈ। ਉਨ੍ਹਾਂ ਕਿਹਾ ਕਿ ਸ਼ਿਵ ਦੀ ਸ਼ਾਇਰੀ ਬਹੁਤ ਡੂੰਘੀ ਅਤੇ ਬਹੁਪੱਖੀ ਹੈ ਜਿਸਨੂੰ ਸਮਝਣ ਦੀ ਲੋੜ ਹੈ।