ਗੁਰਦਾਸਪੁਰ: ਕੇਂਦਰੀ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸਿਵਲ ਸੇਵਾਵਾਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਗੁਰਦਾਸਪੁਰ ਦੇ ਸਰਹੱਦੀ ਪਿੰਡ ਗਾਲੜੀ ਦੇ ਵਾਸੀ ਐਮ.ਬੀ.ਬੀ.ਐਸ. ਡਾ. ਹਰਜਿੰਦਰ ਸਿੰਘ ਬੇਦੀ ਨੇ 815ਵਾਂ ਰੈਂਕ ਹਾਸਲ ਕਰਕੇ ਯੂ.ਪੀ.ਐਸ.ਸੀ. ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਐਮ.ਬੀ.ਬੀ.ਐਸ. ਪਾਸ ਕਰਨ ਤੋਂ ਬਾਅਦ ਤੀਜੀ ਵਾਰ ਵਿੱਚ ਸਿਵਲ ਸਰਵਿਸ ਪ੍ਰੀਖਿਆ ਪਾਸ ਕਰਕੇ ਪੰਜਾਬ ਕੇਡਰ ਨੂੰ ਚੁਣਿਆ।
ਹਰਜਿੰਦਰ ਸਿੰਘ ਦਾ ਜਨਮ ਸਾਧਾਰਨ ਪਰਿਵਾਰ ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਅਕਾਲ ਅਕੈਡਮੀ ਭਰੀਆਲ ਗਾਹਲੜੀ ਤੋਂ ਪ੍ਰਾਪਤ ਕੀਤੀ। ਹਰਜਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਦਾ ਸੁਪਨਾ ਸੀ ਕੀ ਉਨ੍ਹਾਂ ਦਾ ਪੋਤਰਾ ਡਾਕਟਰ ਬਣੇ। ਆਪਣੇ ਦਾਦਾ ਜੀ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਮੈਡੀਕਲ ਲਾਈਨ ਚੁਣੀ ਅਤੇ ਜਲੰਧਰ ਦੇ ਪਿਮਸ ਮੈਡੀਕਲ ਕਾਲਜ ਤੋਂ 2016 ਵਿੱਚ ਐਮ.ਬੀ.ਬੀ.ਐਸ. ਪਾਸ ਕੀਤੀ।
ਉਨ੍ਹਾਂ ਕਿਹਾ ਕਿ ਡਾਕਟਰੀ ਦੀ ਪੜਾਈ ਕਰਨ ਸਮੇਂ ਉਨ੍ਹਾਂ ਦੇ ਕਾਲਜ ਜਦੋਂ ਕੋਈ ਆਈ.ਏ.ਐਸ. ਅਧਿਕਾਰੀ ਆਉਂਦਾ ਤਾਂ ਉਨ੍ਹਾਂ ਦੇ ਰੁਤਬੇ ਨੂੰ ਦੇਖ ਉਨ੍ਹਾਂ ਦੇ ਮਨ 'ਚ ਇਸ ਖੇਤਰ ਵਿੱਚ ਆਉਣ ਦਾ ਵਿਚਾਰ ਆਇਆ। ਉਨ੍ਹਾਂ ਆਪਣੀ ਪੜ੍ਹਾਈ ਦੇ ਨਾਲ-ਨਾਲ ਸਿਵਲ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ। ਪਹਿਲੀ ਵਾਰ ਦਿੱਤੀ ਪ੍ਰੀਖਿਆ ਵਿੱਚ ਉਨ੍ਹਾਂ ਦਾ ਨਾਮ ਨਹੀਂ ਆਇਆ ਅਤੇ ਦੂਜੀ ਵਾਰ ਦੀ ਪ੍ਰੀਖਿਆ ਵਿੱਚ ਇੱਕ ਨੰਬਰ ਤੋਂ ਪਿੱਛੇ ਰਹਿ ਗਏ ਪਰ ਤੀਜੀ ਵਾਰ ਦਿੱਤੀ ਪ੍ਰੀਖਿਆ ਵਿੱਚ ਉਨ੍ਹਾਂ ਆਪਣੇ ਮਿੱਥੇ ਨਿਸ਼ਾਨੇ ਨੂੰ ਹਾਸਲ ਕਰ ਲਿਆ।
ਡਾ. ਹਰਜਿੰਦਰ ਸਿੰਘ ਨੇ ਕਿਹਾ ਕਿ ਇਸ ਖੇਤਰ ਵਿੱਚ ਆ ਕੇ ਉਨ੍ਹਾਂ ਦਾ ਮੁੱਖ ਉਦੇਸ਼ ਨਸ਼ੇ ਦੇ ਖਾਤਮੇ ਲਈ ਯਤਨ ਕਰਨਾ, ਲੜਕੀਆਂ ਨੂੰ ਸਿੱਖਿਅਤ ਕਰਨਾ ਅਤੇ ਸਮਾਜ ਵਿੱਚ ਆਰਥਿਕ ਸਮਾਨਤਾ ਦੇ ਨਾਲ ਨਾਲ ਦਹੇਜ ਪ੍ਰਥਾ ਨੂੰ ਖ਼ਤਮ ਕਰਨਾ ਹੋਵੇਗਾ। ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਹ ਖੁਦ ਪਛੜੇ ਇਲਾਕੇ ਵਿਚੋਂ ਹੋਣ ਦੇ ਬਾਵਜੂਦ ਉਨ੍ਹਾਂ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਪਾਸ ਕੀਤੀ ਹੈ ਤਾਂ ਦੂਸਰੇ ਨੌਜਵਾਨ ਵੀ ਇਸ ਪ੍ਰੀਖਿਆ ਨੂੰ ਪਾਸ ਕਰ ਕੇ ਆਪਣੇ ਮਾਤਾ ਪਿਤਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਹਨ।
ਡਾ. ਹਰਜਿੰਦਰ ਸਿੰਘ ਦੇ ਪਿਤਾ ਨੇ ਦੱਸਿਆ ਕੀ ਉਹ ਡੇਅਰੀ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਦਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।