ਗੁਰਦਾਸਪੁਰ: ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ 22 ਸਾਲ ਦੀ ਕੁੜੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਕੁੜੀ ਇੱਕ ਪੁਲਿਸ ਮੁਲਾਜ਼ਮ ਦੀ ਧੀ ਸੀ। ਮ੍ਰਿਤਕਾ ਦੇ ਪਰਿਵਾਰ ਨੇ ਡਾਕਟਰ ਉੱਤੇ ਇਲਜ਼ਾਮ ਲਗਾਇਆ ਕਿ ਡਾਕਟਰ ਦੀ ਅਣਗਹਿਲੀ ਕਰਕੇ ਉਨ੍ਹਾਂ ਦੀ ਧੀ ਦੀ ਮੌਤ ਹੋਈ ਹੈ।
ਮ੍ਰਿਤਕਾ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਦੀ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੇ ਉਸ ਨੂੰ ਗੁਰਦਾਸਪੁਰ ਦੇ ਪਾਇਲ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ। ਜਿੱਥੇ ਉਸ ਦਾ ਪਿਛਲੇ 3 ਦਿਨਾਂ ਤੋਂ ਇਲਾਜ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਉਲਟੀਆਂ ਤੇ ਟੱਟੀਆਂ ਲਗੀਆਂ ਹੋਈਆਂ ਸਨ ਜਿਸ ਦੇ ਲਈ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਦਾ ਉਨ੍ਹਾਂ ਨੇ ਉਸ ਨੂੰ ਹਸਪਤਾਲ ਭਰਤੀ ਕੀਤਾ ਹੋਇਆ ਸੀ ਉਦੋਂ ਤੋਂ ਹੀ ਡਾਕਟਰ ਨੇ ਉਸ ਨੂੰ ਚੈੱਕ ਨਹੀਂ ਕੀਤਾ। ਡਾਕਟਰ ਨੇ ਨਰਸਾਂ ਨੂੰ ਫੋਨ ਉੱਤੇ ਹੀ ਮਰੀਜ਼ ਨੂੰ ਦਵਾਈਆਂ ਦੇਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨਰਸਾਂ ਨੇ ਉਸ ਨੂੰ ਜਿਆਦਾ ਹੀ ਤੇਜ਼ ਦਵਾਈਆਂ ਦੇ ਦਿੱਤੀਆਂ ਜਿਸ ਕਾਰਨ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ। ਉਨ੍ਹਾਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਸਬ ਇਸੰਪੈਕਟਰ ਕੰਵਲਜੀਤ ਸਿੰਘ ਨੇ ਕਿਹਾ ਕਿ ਮ੍ਰਿਤਕਾ ਦਾ ਨਾਂਅ ਪੂਜਾ ਹੈ ਤੇ ਉਹ ਦੋ ਦਿਨ ਪਹਿਲਾਂ ਪਾਇਲ ਹਸਪਤਾਲ ਭਰਤੀ ਸੀ। ਪੂਜਾ ਦੀ ਹਾਲਤ ਖ਼ਰਾਬ ਹੋਣ ਕਰਨ ਪਾਇਲ ਹਸਪਤਾਲ ਨੇ ਪੂਜਾ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਸੀ ਤੇ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਜੋ ਵੀ ਬਿਆਨ ਦਰਜ ਕਰਵਾਉਣਗੇ ਉਸ ਆਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ।