ਬਟਾਲਾ: ਸ਼ੇਰਾਂ ਵਾਲੇ ਦਰਵਾਜ਼ੇ ਕੋਲ ਸਥਿਤ ਇੱਕ ਘਰ ਦੀ ਤਿੰਨ ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ ਪੂਰੇ ਮੁਹੱਲੇ ‘ਚ ਹਫੜਾ-ਦਫੜੀ ਮੱਚ ਗਈ। ਜਾਣਕਾਰੀ ਮੁਤਾਬਿਕ ਇਸ ਘਰ ਵਿੱਚ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗੀ ਸੀ। ਜਿਸ ਤੋਂ ਬਾਅਦ ਇਹ ਅੱਗ ਰਸੋਈ ਵਿੱਚ ਪਏ ਗੈਸ ਸਿਲੰਡਰਾਂ ਤੱਕ ਪਹੁੰਚ ਗਈ ਅਤੇ ਦੋ ਸਿਲੰਡਰ ਫਟ ਗਏ। ਜਿਸ ਤੋਂ ਬਾਅਦ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀਆਂ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ ਲਿਆ ਹੈ। ਇਸ ਘਟਨਾ ਵਿੱਚ ਘਰ ਦੇ ਮੈਂਬਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ, ਪਰ ਮਾਲੀ ਨੁਕਸਾਨ ਕਾਫ਼ੀ ਵੱਡੇ ਪੱਧਰ ‘ਤੇ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਦੇਰ ਰਾਤ 12 ਵਜੇ ਦੇ ਕਰੀਬ ਉਹ ਘਰ ਵਿੱਚ ਸੁੱਤੇ ਸਨ ਤਾਂ ਅਚਾਨਕ ਘਰ ਦੇ ਇੱਕ ਕਮਰੇ ਵਿੱਚੋਂ ਧੂੰਆਂ ਉੱਠਣ ਲੱਗਾ ਅਤੇ ਦੇਖਦੇ-ਦੇਖਦੇ ਪੂਰੇ ਕਮਰੇ ਵਿੱਚ ਅੱਗ ਫੈਲ ਗਈ।
ਜਿਸ ਤੋਂ ਬਾਅਦ ਉਹ ਬਚਣ ਦੇ ਲਈ ਘਰ ਦੀ ਛੱਤ ਉਪਰ ਚੜ੍ਹ ਗਏ ਅਤੇ ਇਸ ਤੋਂ ਬਾਅਦ ਅੱਗ ਨੇ ਰਸੋਈ ਘਰ ਵਿੱਚ ਪਏ ਸਿਲੰਡਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਇੱਕ ਸਿਲੰਡਰ ਫਟਣ ਤੋਂ ਬਾਅਦ ਅੱਗ ਪੂਰੇ ਘਰ ਵਿੱਚ ਫੈਲ ਗਈ। ਅੱਗ ਵੱਧ ਦੀ ਦੇਖ ਕੇ ਘਰ ਦੇ ਮੈਂਬਰ ਆਪਣੇ ਘਰ ਦੀ ਛੱਤ ਛੱਡ ਕੇ ਗੁਆਂਢੀਆਂ ਦੀ ਛੱਤ ਦੇ ਜ਼ਰੀਏ ਬਾਹਰ ਨਿਕਲ ਗਏ।