ਗੁਰਦਾਸਪੁਰ: ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਦਾਬਾਵਾਲੀ ਵਿੱਚ ਉਸ ਵਕਤ ਸਨਸਨੀ ਫੈਲ ਗਈ ਜਦੋਂ 29 ਸਾਲਾ ਵਿਆਹੁਤਾ ਔਰਤ ਦੀ ਘਰ ਅੰਦਰ ਗਾਡਰ ਨਾਲ ਲਟਕਦੀ ਲਾਸ਼ ਮਿਲੀ।ਮੌਕੇ ਉੱਤੇ ਪਹੁੰਚੇ ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਵਿਆਹੁਤਾ ਦੇ ਸਹੁਰੇ ਪਰਿਵਾਰ ਉੱਤੇ ਦਾਜ ਮੰਗਣ ਦੇ ਇਲਜ਼ਾਮ ਲਗਾਉਂਦੇ ਹੋਏ ਵਿਆਹੁਤਾ ਦਾ ਕਤਲ ਕਰਕੇ ਲਾਸ਼ ਛੱਤ ਨਾਲ ਟੰਗਣ ਦੇ ਇਲਜ਼ਾਮ ਲਗਾਏ। ਇਸ ਮਾਮਲੇ ਦੀ ਇਤਲਾਹ ਮਿਲਦੇ ਹੀ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਵਲੋਂ ਤਫਤੀਸ਼ ਸ਼ੁਰੂ ਕਰਦੇ ਹੋਏ ਬਿਆਨਾਂ ਦੇ ਅਧਾਰ ਉੱਤੇ ਅਗਲੀ ਕਾਰਵਾਈ ਕਰਨ ਦੀ ਗੱਲ ਕਹੀ ਗਈ ।
ਮ੍ਰਿਤਕਾ ਰਾਜਵੰਤ ਕੌਰ ਦੇ ਭਰਾ ਸੁਰਜੀਤ ਸਿੰਘ ਅਤੇ ਪਿਤਾ ਵਸਣ ਸਿੰਘ ਨੇ ਦੱਸਿਆ ਕਿ ਰਾਜਵੰਤ ਕੌਰ ਦਾ ਵਿਆਹ ਤਿੰਨ ਸਾਲ ਪਹਿਲਾਂ ਦਾਬਾਵਾਲੀ ਦੇ ਰਹਿਣ ਵਾਲੇ ਰਵਿੰਦਰ ਸਿੰਘ ਨਾਲ ਹੋਇਆ ਸੀ।ਉਨ੍ਹਾਂ ਨਾਲ ਹੀ ਦੱਸਿਆ ਕਿ ਵਿਆਹ ਤੋਂ ਬਾਅਦ ਮ੍ਰਿਤਕਾ ਦੇ ਸਹੁਰੇ ਪਰਿਵਾਰ ਵਲੋਂ ਅਤੇ ਪਤੀ ਵਲੋਂ ਦਾਜ ਨੂੰ ਲੈਕੇ ਹਮੇਸ਼ਾ ਹੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ।ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਝਗੜੇ ਹੋਏ ਅਤੇ ਰਾਜੀਨਾਮਾ ਕਰ ਰਾਜਵੰਤ ਨੂੰ ਵਾਪਿਸ ਸਹੁਰੇ ਭੇਜ ਦਿੰਦੇ ਰਹੇ।
ਉਨ੍ਹਾਂ ਦੱਸਿਆ ਕਿ ਅੱਜ ਜਦੋਂ ਅਸੀਂ ਆਪਣੀ ਬੇਟੀ ਨੂੰ ਮਿਲਣ ਆਏ ਤਾਂ ਦੇਖਿਆ ਕਿ ਸਾਡੀ ਬੇਟੀ ਦੀ ਲਾਸ਼ ਕਮਰੇ ਦੀ ਛੱਤ ਨਾਲ ਲਟਕ ਰਹੀ ਸੀ। ਇਸ ਦੌਰਾਨ ਪੀੜਤ ਪਰਿਵਾਰ ਦੇ ਵੱਲੋਂ ਸਹੁਰੇ ਪਰਿਵਾਰ ਖਿਲਾਫ਼ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ।ਓਧਰ ਇਸ ਮਾਮਲੇ ਦੇ ਵਿੱਚ ਥਾਣਾ ਦੇ ਐਸ ਐਚ ਓ ਅਮੋਲਕਦੀਪ ਸਿੰਘ ਨੇ ਘਟਨਾ ਬਾਰੇ ਦੱਸਦੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨ ਦੇ ਅਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:BJP ਕੌਂਸਲਰ ਦੀ ਬਲੈਕਮੇਲਿੰਗ ਤੋਂ ਤੰਗ ਆ ਲੜਕੀ ਨੇ ਪੀਤਾ ਜ਼ਹਿਰ