ਗੁਰਦਾਸਪੁਰ: ਇੱਕ ਨੌਜਵਾਨ ਦੀ ਦਰਿਆ ਬਿਆਸ ਕੰਢੇ ਡਰੇਨ ਕੋਲ ਭੇਦ ਭਰੇ ਹਾਲਾਤ ਮਿੱਟੀ ਵਿਚ ਅੱਧੀ ਦੱਬੀ ਹੋਈ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਤੇ ਮ੍ਰਿਤਕ ਦੇ ਵਾਰਸਾਂ ਅਨੁਸਾਰ ਤਰਨਪ੍ਰੀਤ ਸਿੰਘ ਉਮਰ 18 ਸਾਲ 3 ਮਾਰਚ ਨੂੰ ਆਪਣੇ ਦੋਸਤਾਂ ਸਮੇਤ ਚੋਲਾ ਸਾਹਿਬ ਦਾ ਮੇਲਾ ਦੇਖਣ ਲਈ ਘਰੋਂ ਗਿਆ ਸੀ।
2 ਦਿਨ ਬਾਅਦ ਵੀ ਜਦ ਤਰਨਪ੍ਰੀਤ ਘਰ ਨਹੀਂ ਪਰਤਿਆ ਤਾਂ ਘਰ ਦੇ ਮੈਂਬਰਾਂ ਨੇ ਉਸ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ। ਕੱਲ ਰਾਤ ਨੂੰ ਇਸਦੀ ਲਾਸ਼ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰ ਸਤਨਾਮ ਸਿੰਘ ਸੋਨੀ ਭਲਵਾਨ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਤਰਨਪ੍ਰੀਤ ਆਪਣੇ ਕੁਝ ਸਾਥੀਆਂ ਸਮੇਤ ਭੇਟ ਪੱਤਣ ਵਾਲੇ ਸੰਗ ਦੇ ਮੇਲੇ ਗਿਆ ਹੋਇਆ ਸੀ।
ਉਨ੍ਹਾਂ ਨੇ ਦੱਸਿਆ ਕਿ ਦੋ ਦਿਨ ਘਰ ਨਾਂ ਪਰਤਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਤਰਨਪ੍ਰੀਤ ਦੀ ਭਾਲ ਸ਼ੁਰੂ ਕੀਤੀ। ਪਿੰਡ ਨੂੰਨ ਦੀ ਡਰੇਨ ਨੇੜਿਓਂ ਉਸ ਦੀ ਮਿੱਟੀ ਵਿੱਚ ਅੱਧੀ ਦੱਬੀ ਹੋਈ ਲਾਸ਼ ਮਿਲੀ। ਉਨ੍ਹਾਂ ਨੇ ਕਿਹਾ ਕਿ ਇਸ ਦੀ ਸੂਚਨਾ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਨੂੰ ਦਿੱਤੀ। ਇਸ ਉਪਰੰਤ ਥਾਣਾ ਭੈਣੀ ਮੀਆਂ ਖਾਂ ਦੇ ਮੁਖੀ ਇੰਸਪੈਕਟਰ ਸ਼ਮਸ਼ੇਰ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ।
ਉਨ੍ਹਾਂ ਦੇ ਮੌਕੇ ਦੇ ਹਾਲਾਤ ਦੇਖ ਕੇ ਇਸ ਦੀ ਸੂਚਨਾ ਉੱਚ ਪੁਲਿਸ ਅਧਿਕਾਰੀਆਂ ਨੂੰ ਦਿੱਤੀ। ਜਿਸ ਉਪਰੰਤ ਹਲਕੇ ਦੇ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਮੌਕੇ ਤੇ ਪਹੁੰਚੇ। ਇਸ ਸਬੰਧੀ ਜਦੋਂ ਡੀ ਐੱਸ ਪੀ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਡੂੰਘੀ ਪੜਤਾਲ ਦਾ ਮਾਮਲਾ ਹੈ ਪੁਲਿਸ ਪੜਤਾਲ ਕਰਕੇ ਹੀ ਇਸ ਮਾਮਲੇ ਬਾਰੇ ਕੋਈ ਖੁਲਾਸਾ ਕਰੇਗੀ।
ਹਲਕਾ ਡਿਊਟੀ ਅਫ਼ਸਰ ਨਾਇਬ ਤਹਿਸੀਲਦਾਰ ਮਨੋਹਰ ਲਾਲ ਮੌਕੇ ਤੇ ਪਹੁੰਚੇ। ਉਨ੍ਹਾਂ ਦੀ ਹਾਜ਼ਰੀ ਵਿੱਚ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੁਲਿਸ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਇਸ ਮੌਕੇ ਮ੍ਰਿਤਕ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਖ਼ਾਦਸ਼ਾ ਜ਼ਾਹਰ ਕੀਤਾ ਉਸ ਦੇ ਸਾਥੀਆਂ ਨੇ ਹੀ ਉਸ ਦਾ ਕਤਲ ਕਰਕੇ ਲਾਸ਼ ਨੂੰ ਦਬਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਨੌਜਵਾਨ ਪੁੱਤਰ ਦੀ ਭੇਦਭਰੀ ਮੌਤ ਦੀ ਪੜਤਾਲ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਆਜ਼ਾਦੀ ਤੋਂ ਪਹਿਲਾਂ ਦੀ ਹੈ ਪੰਜਾਬ ਵਿੱਚ ਗਠਜੋੜ ਸਰਕਾਰਾਂ ਦੀ ਰਾਜਨੀਤੀ, ਹੁਣ ਵੀ ਗਠਜੋੜ ਦੀਆਂ ਕਨਸੋਆਂ