ਬਟਾਲਾ: ਕੇਂਦਰ ਸਰਕਾਰ ਵੱਲੋਂ ਜਦੋਂ ਤੋਂ ਖੇਤੀ ਕਨੂੰਨ ਲਿਆਂਦੇ ਹਨ ਉਦੋਂ ਤੋਂ ਹੀ ਇਨ੍ਹਾਂ ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਚਲਾਇਆ ਜਾ ਰਿਹਾ ਹੈ ਅਤੇ ਮੁੱਖ ਤੌਰ ’ਤੇ ਪੰਜਾਬ ਦਾ ਨੌਜਵਾਨ ਵਰਗ ਇਸ ਕਿਸਾਨੀ ਅੰਦੋਲਨ ‘ਚ ਹਿੱਸਾ ਪਾ ਰਿਹਾ ਹੈ। ਕੁਝ ਇਸੇ ਤਰ੍ਹਾਂ ਹੀ ਬਟਾਲਾ ਦਾ ਨੌਜਵਾਨ ਰਮਿੰਦਰ ਸਿੰਘ ਕੈਪਟਨ ਜਿਸ ਨੇ ਫੈਸਲਾ ਲਿਆ ਹੈ ਕਿ ਉਹ ਦਿੱਲੀ ਕਿਸਾਨੀ ਅੰਦੋਲਨ ‘ਚ ਸ਼ਾਮਿਲ ਹੋਣ ਲਈ ਆਪਣੇ ਪਿੰਡ ਤੋਂ ਦਿੱਲੀ ਤੱਕ 500 ਕਿਲੋਮੀਟਰ ਦੀ ਦੌੜ ਲਾਕੇ ਦਿੱਲੀ ਤੱਕ ਸਫਰ ਪੂਰਾ ਕਰੇਗਾ, ਉਥੇ ਹੀ ਅੱਜ ਬਟਾਲਾ ਤੋਂ ਇਸ ਨੌਜਵਾਨ ਨੇ ਆਪਣਾ ਦਿਲੀ ਦਾ ਸਫਰ ਸ਼ੁਰੂ ਕਰ ਦਿਤਾ ਹੈ। ਨੌਜਵਾਨ ਨੇ ਦੱਸਿਆ ਕਿ ਉਹ ਪਹਿਲਾ ਵੀ ਅੰਦੋਲਨ ‘ਚ ਸ਼ਾਮਲ ਹੋ ਚੁੱਕਿਆ ਹੈ ਅਤੇ ਇਸ ਵਾਰ ਕੁਝ ਵੱਖਰੇ ਇਰਾਦੇ ਨਾਲ ਕਿਸਾਨੀ ਸੰਘਰਸ਼ 'ਚ ਸ਼ਾਮਲ ਹੋਣ ਜਾ ਰਿਹਾ ਹੈ।
ਰਮਿੰਦਰ ਮੁਤਾਬਿਕ ਦਿੱਲੀ ਤੱਕ ਉਸਦਾ ਸਫ਼ਰ 500 ਕਿਲੋਮੀਟਰ ਹੈ ਅਤੇ ਉਹ ਰੋਜ਼ਾਨਾ 50 ਕਿਲੋਮੀਟਰ ਦੌੜ ਲਗਾ ਆਪਣਾ ਸਫ਼ਰ ਤਹਿ ਕਰੇਗਾ ਅਤੇ 10 ਦਿਨ ‘ਚ ਦਿੱਲੀ ਪਹੁੰਚ ਜਾਵੇਗਾ। ਉਸ ਦੇ ਨਾਲ 6 ਮੈਂਬਰਾਂ ਦੀ ਟੀਮ ਜਾ ਰਹੀ ਹੈ, ਜਿਸ ‘ਚ ਇੱਕ ਡਾਕਟਰ ਵੀ ਹੈ। ਨੌਜਵਾਨ ਦਾ ਕਹਿਣਾ ਕਿ ਉਸਦਾ ਮਕਸਦ ਕੇਂਦਰ ਦੀ ਸਰਕਾਰ ਨੂੰ ਸੁਨੇਹਾ ਦੇਣਾ ਹੈ ਕਿ ਪੰਜਾਬ ਦਾ ਨੌਜਵਾਨ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੁੱਝ ਵੀ ਕਰਨ ਲਈ ਤਿਆਰ ਹੈ।
ਉਧਰ ਨੌਜਵਾਨ ਦੀ ਹੌਸਲਾ ਅਫ਼ਜਾਹੀ ਲਈ ਪਿੰਡ ਵਾਸੀ ਵੀ ਸਾਥ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਰਮਿੰਦਰ ਸਿੰਘ ਦੇ ਇਸ ਫੈਸਲੇ ’ਤੇ ਉਸਦੇ ਨਾਲ ਖੜੇ ਹਾਂ ਅਤੇ ਉਹਨਾਂ ਨੂੰ ਇਸ ਗੱਲ ਦਾ ਮਾਨ ਹੈ ਜੋ ਉਸਨੇ ਇਸ ਤਰ੍ਹਾਂ ਦੋੜ ਲਾ ਦਿੱਲੀ ਕਿਸਾਨੀ ਅੰਦੋਲਨ ਵਿੱਚ ਪੁੱਜਣ ਦਾ ਫੈਂਸਲਾ ਕੀਤਾ।
ਇਹ ਵੀ ਪੜ੍ਹੋ:ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਿਸਾਨਾਂ ਦੇ ਹੱਕ 'ਚ "ਸਿੱਖ ਯੂਥ ਆਫ ਪੰਜਾਬ " ਨੇ ਕੱਢੀ ਮੋਟਰਸਾਈਕਲ ਰੈਲੀ