ਗੁਰਦਾਸਪੁਰ: ਸ਼ਹਿਰ ’ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਮੁੜ ਵਧਣ ਲੱਗ ਪਈ ਹੈ। ਇਨ੍ਹਾਂ ਆਵਾਰਾ ਕੁੱਤਿਆਂ ਵੱਲੋਂ ਹੁਣ ਤੱਕ ਦਰਜਨਾਂ ਲੋਕਾਂ ਨੂੰ ਵੱਢ ਕੇ ਜ਼ਖ਼ਮੀ ਕੀਤਾ ਗਿਆ ਹੈ, ਜਿਨ੍ਹਾਂ ’ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਪਹਿਲੀ ਘਟਨਾ ਸ਼ਹਿਰ ਦੇ ਬਹਿਰਾਮਪੁਰ ਰੋਡ ਸਥਿਤ ਹੈੱਲਥ ਕਲੱਬ ਵਾਲੀ ਗਲੀ ਵਿਖੇ ਹੋਈ। ਜਿੱਥੇ ਕੱਲ ਸ਼ਾਮ 6 ਵਜੇ ਦੇ ਕਰੀਬ ਚਾਰ ਆਵਾਰਾ ਕੁੱਤਿਆਂ ਦੇ ਝੁੰਡ ਨੇ ਗਲੀ ’ਚੋਂ ਲੰਘਦੇ ਕਈ ਲੋਕਾਂ ’ਤੇ ਹਮਲਾ ਕੀਤਾ। ਕੁੱਤਿਆਂ ਦੇ ਇਸ ਹਮਲੇ ਦੌਰਾਨ 8 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ ਵਿਚ ਇਕ ਔਰਤ ਤੇ ਦੋ ਬੱਚੇ ਵੀ ਸ਼ਾਮਲ ਹਨ। ਦੂਸਰੀ ਘਟਨਾ ’ਚ ਸਵੇਰੇ ਜੇਲ੍ਹ ਰੋਡ ’ਤੇ ਸੈਰ ਕਰ ਰਹੇ ਸ਼ਹਿਰ ਦੇ ਇਕ ਵਿਅਕਤੀ ’ਤੇ ਆਵਾਰਾ ਕੁੱਤਿਆਂ ਵੱਲੋਂ ਹਮਲਾ ਕਰ ਦਿੱਤਾ ਗਿਆ, ਜਦੋਂ ਕਿ ਉਥੇ ਗੈਰਾਜ ’ਚੋਂ ਆਪਣੀ ਕਾਰ ਲੈਣ ਆਏ ਰੇਲਵੇ ਰੋਡ 'ਤੇ ਰਹਿਣ ਵਾਲੇ ਐਡਵੋਕੇਟ ਹਰਪਾਲ ਸਿੰਘ ਨੇ ਦੇਖਿਆ ਤਾਂ ਉਨ੍ਹਾਂ ਨੇ ਅੱਗੇ ਆ ਕੇ ਉਸ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕੁੱਤੇ ਉਨ੍ਹਾਂ ਦੇ ਪਿੱਛੇ ਵੀ ਪੈ ਗਏ ਅਤੇ ਉਨ੍ਹਾਂ ਦੇ ਵੀ ਦੰਦ ਲਗਾ ਦਿੱਤੇ।
ਬੱਚੇ ਨੂੰ ਬਚਾਉਣ ਲੱਗੀ ਮਾਂ ਨੂੰ ਵੀ ਕੁੱਤਿਆਂ ਨੇ ਵੱਢਿਆ: ਬਹਿਰਾਮਪੁਰ ਰੋਡ ਦੀ ਰਹਿਣ ਵਾਲੀ ਰੇਨੂੰ ਬਾਲਾ ਨੇ ਦੱਸਿਆ ਕਿ ਉਹ ਆਪਣੇ ਲੜਕੇ ਮਾਨਿਕ ਨਾਲ ਬਾਜ਼ਾਰ ਵਿੱਚੋਂ ਸਾਮਾਨ ਲੈਣ ਲਈ ਬਾਹਰ ਗਈ ਹੋਈ ਸੀ। ਉਹ ਘਰ ਤੋਂ ਥੋੜ੍ਹੀ ਦੂਰ ਹੀ ਗਈ ਸੀ ਕਿ ਅਵਾਰਾ ਕੁੱਤਿਆਂ ਦੇ ਝੁੰਡ ਨੇ ਉਸ ਨੂੰ ਘੇਰ ਲਿਆ। ਆਵਾਰਾ ਕੁੱਤਿਆਂ ਨੇ ਸਭ ਤੋਂ ਪਹਿਲਾਂ ਤਿੰਨ ਸਾਲ ਦੇ ਬੇਟੇ ਨੂੰ ਆਪਣਾ ਸ਼ਿਕਾਰ ਬਣਾਇਆ। ਜਦੋਂ ਉਹ ਉਸ ਨੂੰ ਬਚਾਉਣ ਲਈ ਅੱਗੇ ਆਈ ਤਾਂ ਕੁੱਤਿਆਂ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ। ਕੁੱਤਿਆਂ ਨੇ ਬੱਚੇ ਦੀ ਲੱਤ ਅਤੇ ਬਾਂਹ ਨੂੰ ਨੋਚ ਖਾਧਾ। ਉਨ੍ਹਾਂ ਦਾ ਰੌਲਾ ਸੁਣ ਕੇ ਆਸਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਕੁੱਤਿਆਂ ਦੇ ਚੁੰਗਲ ਤੋਂ ਛੁਡਵਾਇਆ।
ਇਹ ਵੀ ਪੜ੍ਹੋ : ਵਕੀਲ ਸਮੇਤ ਅੰਮ੍ਰਿਤਪਾਲ ਦੇ ਤਿੰਨ ਹੋਰ ਸਾਥੀ ਗ੍ਰਿਫ਼ਤਾਰ, ਮੁਲਜ਼ਮਾਂ ਕੋਲੋਂ ਅਸਲਾ ਬਰਾਮਦ
ਕੁੱਤਿਆਂ ਤੋਂ ਛੁਟਕਾਰਾ ਦਿਵਾਇਆ ਜਾਵੇ: ਇੰਨਾ ਹੀ ਨਹੀਂ ਅਵਾਰਾ ਕੁੱਤਿਆਂ ਦੇ ਝੁੰਡ ਨੇ ਇਲਾਕੇ ਦੇ ਚਾਰ ਹੋਰ ਲੋਕਾਂ 'ਤੇ ਵੀ ਹਮਲਾ ਕਰ ਦਿੱਤਾ, ਜੋ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਘੁੰਮਦੇ ਆਵਾਰਾ ਕੁੱਤੇ ਅਕਸਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਉਹ ਖਾਸ ਕਰਕੇ ਛੋਟੇ ਬੱਚਿਆਂ 'ਤੇ ਝਪਟਦੇ ਹਨ। ਇਸੇ ਕਰਕੇ ਇਲਾਕੇ ਦੇ ਲੋਕ ਆਪਣੇ ਬੱਚਿਆਂ ਨੂੰ ਇਕੱਲੇ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੁੱਤਿਆਂ ਤੋਂ ਛੁਟਕਾਰਾ ਦਿਵਾਇਆ ਜਾਵੇ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਜਿੰਨਾ ਤੋਂ ਰਾਹਤ ਦਿਵਾਉਣ ਲਈ ਐਡਵੋਕੇਟ ਹਰਪਾਲ ਸਿੰਘ ਨੇ ਇਸ ਸੰਬੰਧੀ ਡੀਸੀ ਨੂੰ ਪੱਤਰ ਲਿਖ ਕੇ ਲੋਕਾਂ ਨੂੰ ਆਵਾਰਾ ਕੁੱਤਿਆਂ ਦੀ ਦਹਿਸ਼ਤ ਤੋਂ ਬਚਾਉਣ ਦੀ ਮੰਗ ਕੀਤੀ ਹੈ।