ਗੁਰਦਾਸਪੁਰ: ਅਜੋਕੇ ਦੌਰ ਵਿੱਚ ਖੇਤੀਬਾੜੀ ਨੂੰ ਬੇਸ਼ੱਕ ਬੇਹੱਦ ਘਾਟੇ ਦਾ ਸੌਦਾ ਦੱਸ ਕੇ ਇਸ ਧੰਦੇ ਤੋਂ ਤੌਬਾ ਕੀਤੀ ਜਾ ਰਹੀ ਹੈ, ਪਰ ਇਸਦੇ ਉਲਟ ਗੁਰਦਾਸਪੁਰ ਨਾਲ ਸਬੰਧਤ ਪਿੰਡ ਪੰਧੇਰ ਦੇ ਇੱਕ ਹੋਣਹਾਰ ਤੇ ਅਗਾਂਹਵਧੂ ਅਧਿਆਪਕ ਗੁਰਪਾਲ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਖਪ੍ਰੀਤ ਕੌਰ ਵੱਲੋਂ ਆਪਣੇ ਖੇਤਾਂ ਵਿੱਚ ਕੁਦਰਤੀ ਖੇਤੀ ਕਰ ਕੇ ਕਿਸਾਨਾਂ ਨੂੰ ਇੱਕ ਨਵੀਂ ਸੇਧ ਦਿੱਤੀ ਜਾ ਰਹੀ ਹੈ। ਇਹ ਸਭ ਕੁੱਝ ਉਹਨਾਂ ਨੇ ਆਪਣੇ ਭਵਿੱਖ ਨੂੰ ਬਚਾਉਣ ਲਈ ਸ਼ੁਰੂ ਕੀਤਾ ਹੈ, ਕਿਉਕਿ ਜਿਸ ਤਰ੍ਹਾਂ ਅਸੀਂ ਜ਼ਹਿਰੀਲੀਆਂ ਚੀਜਾਂ ਨੂੰ ਖਾ ਰਹੇ, ਜਿਸ ਨਾਲ ਸਾਡੀ ਜ਼ਿੰਦਗੀ ਘੱਟਦੀ ਜਾ ਰਹੀ ਹੈ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਗੁਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੁਝ ਸਾਲ ਪਹਿਲਾਂ ਕਿਸੇ ਇਨਫੈਕਸ਼ਨ ਕਾਰਨ ਬਿਮਾਰ ਹੋ ਗਿਆ ਸੀ ਅਤੇ ਜਦੋਂ ਉਸ ਨੂੰ ਹਸਪਤਾਲ ਵਿੱਚ ਖੂਨ ਚੜ੍ਹਾਇਆ ਜਾ ਰਿਹਾ ਸੀ ਤਾਂ ਉਸ ਮੌਕੇ ਉਨ੍ਹਾਂ ਦੋਵਾਂ ਪਤੀ ਪਤਨੀ ਨੇ ਮਹਿਸੂਸ ਕੀਤਾ ਕਿ ਸਾਡੇ ਅੰਦਰ ਫਲ ਸਬਜ਼ੀਆਂ ਅਨਾਜ ਤੇ ਹੋਰ ਪਦਾਰਥਾਂ ਰਾਹੀਂ ਜਾ ਰਹੇ ਜ਼ਹਿਰਾਂ ਕਾਰਨ ਸਿਹਤ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਉਸ ਦਿਨ ਤੋਂ ਹੀ ਉਨ੍ਹਾਂ ਨੇ ਮਨ ਬਣਾ ਲਿਆ ਸੀ ਕਿ ਉਹ ਆਪਣੇ ਖੇਤਾਂ ਵਿੱਚ ਕਿਸੇ ਵੀ ਜ਼ਹਿਰ ਦੀ ਵਰਤੋਂ ਨਹੀਂ ਕਰਨਗੇ ਅਤੇ ਉਹਨਾਂ ਨੇ ਉਸ ਦਿਨ ਤੋਂ ਹੀ ਆਪਣੇ ਖੇਤਾਂ ਵਿੱਚ ਕੁਦਰਤੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ।
ਉਹਨਾਂ ਦੱਸਿਆ ਕਿ ਉਹ ਦਾਲਾਂ ਤੇ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ, ਕਿਸੇ ਤਰ੍ਹਾਂ ਦੇ ਜ਼ਹਿਰਾਂ ਦੀ ਵਰਤੋਂ ਨਹੀਂ ਕਰਦੇ ਤੇ ਸਾਰਾ ਕੁਝ ਕੁਦਰਤੀ ਤਰੀਕਿਆਂ ਨਾਲ ਹੀ ਠੀਕ ਕਰਦੇ ਹਨ। ਉਨ੍ਹਾਂ ਆਪਣੇ ਖੇਤਾਂ ਵਿੱਚ ਨਿੰਮ ਦੇ ਪੌਦੇ ਲਗਾਏ ਹੋਏ ਹਨ ਤੇ ਨਾਲ ਹੀ ਗਊ ਮੂਤਰ ਨੂੰ ਜੀਵ ਅੰਮ੍ਰਿਤ ਦੀ ਤਰ੍ਹਾਂ ਵਰਤ ਕੇ ਖੇਤਾਂ ਨੂੰ ਕੀੜਿਆਂ ਤੋਂ ਬਚਾ ਰਹੇ ਹਨ, ਇਸੇ ਤਰ੍ਹਾਂ ਹੋਰ ਵੀ ਕਈ ਕੁਦਰਤੀ ਉਪਰਾਲੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਹੀ ਵਰਮੀ ਕੰਪੋਸਟ ਯੂਨਿਟ ਵੀ ਲਗਾਇਆ ਹੋਇਆ ਹੈ, ਗੁਰਪਾਲ ਸਿੰਘ ਨੇ ਦੱਸਿਆ ਕਿ ਇਸ ਫਾਰਮ ਵਿੱਚ ਤਿਆਰ ਕੀਤੀਆਂ ਫ਼ਲ ਸਬਜ਼ੀਆਂ ਤੇ ਦਾਲਾਂ ਨੂੰ ਵੇਚਣ ਲਈ ਵੀ ਉਨ੍ਹਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ, ਇਸ ਲਈ ਉਹਨਾਂ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ। ਪੰਜਾਬ ਨੂੰ ਜ਼ਹਿਰ ਮੁਕਤ ਬਣਾਉਣ ਲਈ ਬਿਨਾਂ ਜ਼ਹਿਰਾਂ ਤੋਂ ਖ਼ੇਤੀ ਕੀਤੀ ਜਾਵੇ।
ਇਸ ਮੌਕੇ ਖੇਤੀਬਾੜੀ ਵਿਸਥਾਰ ਅਫ਼ਸਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨ ਗੁਰਪਾਲ ਸਿੰਘ ਤੇ ਉਨ੍ਹਾਂ ਦੀ ਪਤਨੀ ਵੱਲੋਂ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਨ੍ਹਾਂ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਜਦੋਂ ਵੀ ਕਿਸੇ ਤਕਨੀਕੀ ਜਾਣਕਾਰੀ ਜਾਂ ਹੋਰ ਵਿਭਾਗੀ ਮਦਦ ਦੀ ਲੋੜ ਹੋਵੇ ਤਾਂ ਉਨ੍ਹਾਂ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਅਗਾਂਹਵਧੂ ਕਿਸਾਨਾਂ ਤੋਂ ਸੇਧ ਲੈਣ ਅਤੇ ਜ਼ਹਿਰਾਂ ਨਾਲ ਹੋ ਰਹੇ ਨੁਕਸਾਨ ਤੋਂ ਲੋਕਾਂ ਨੂੰ ਬਚਾਉਣ ਲਈ ਕੁਦਰਤੀ ਖੇਤੀ ਵੱਲ ਵੱਧਣ।
ਇਹ ਵੀ ਪੜੋ:- ਇਹ ਬੂਟਾ ਬਣਾਵੇਗਾ ਜ਼ਮੀਨ ਨੂੰ ਉਪਜਾਊ, ਘੱਟੇਗੀ ਯੂਰੀਆ ਖਾਦ ਦੀ ਵਰਤੋਂ