ਗੁਰਦਾਸਪੁਰ :ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਐੱਸ.ਐੱਸ.ਪੀ. ਬਟਾਲਾ ਰਛਪਾਲ ਸਿੰਘ ਅਤੇ ਐੱਸ.ਪੀ. ਹੈੱਡ-ਕੁਆਟਰ ਗੁਰਪ੍ਰੀਤ ਸਿੰਘ ਗਿੱਲ ਵਿਸ਼ੇਸ਼ ਤੌਰ ’ਤੇ ਬਟਾਲਾ ਸ਼ਹਿਰ ਦੀ ਉੱਘੀ ਸਮਾਜ ਸੇਵਿਕਾ ਪ੍ਰਕਾਸ਼ ਕੌਰ ਨਾਰੂ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਉਨ੍ਹਾਂ ਨੂੰ ਮਹਿਲਾ ਦਿਵਸ ਦੀਆਂ ਵਧਾਈਆਂ ਦਿੱਤੀਆਂ । ਬਟਾਲਾ ਦੀ 94 ਸਾਲਾ ਸਮਾਜ ਸੇਵਿਕਾ ਸ੍ਰੀਮਤੀ ਪ੍ਰਕਾਸ਼ ਕੌਰ ਨਾਰੂ ਸੰਨ 1971 ਤੋਂ ਔਰਤਾਂ ਦੀ ਭਲਾਈ ਲਈ ਕੰਮ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ ਹੀ ਬਟਾਲਾ ਵਿੱਚ ਆਲ ਇੰਡੀਆ ਵੂਮੈਨ ਕਾਨਫਰੰਸ ਦੀ ਸਥਾਪਨਾ ਕੀਤੀ ਗਈ ਸੀ। ਭਾਂਵੇ 94 ਸਾਲ ਦੀ ਬਜ਼ੁਰਗ ਅਵਸਥਾ ਕਾਰਨ ਉਨ੍ਹਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਹੈ ਪਰ ਉਹ ਅਜੇ ਵੀ ਔਰਤਾਂ ਦੀ ਭਲਾਈ ਅਤੇ ਉਨ੍ਹਾਂ ਦੇ ਹੱਕਾਂ ਲਈ ਆਪਣੀ ਜੱਦੋ-ਜਹਿਦ ਜਾਰੀ ਰੱਖ ਰਹੇ ਹਨ।
ਐੱਸ.ਐੱਸ.ਪੀ. ਬਟਾਲਾ ਰਛਪਾਲ ਸਿੰਘ ਨੇ ਪ੍ਰਕਾਸ਼ ਕੌਰ ਨਾਰੂ ਦੇ ਗ੍ਰਹਿ ਵਿਖੇ ਪਹੁੰਚ ਕੇ ਜਿਥੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਉਥੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਵੀ ਪੁੱਛਿਆ। ਐੱਸ.ਐੱਸ.ਪੀ. ਬਟਾਲਾ ਨੇ ਕਿਹਾ ਕਿ ਮਾਤਾ ਪ੍ਰਕਾਸ਼ ਕੌਰ ਨਾਰੂ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਬਹੁਤ ਖੁਸ਼ੀ ਹੋਈ ਹੈ ਅਤੇ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਬਾਰੇ ਜਾਣ ਕੇ ਨਵੀਂ ਊਰਜਾ ਮਿਲੀ ਹੈ। ਐੱਸ.ਐੱਸ.ਪੀ. ਬਟਾਲਾ ਨੇ ਕਿਹਾ ਕਿ ਉਨ੍ਹਾਂ ਸ੍ਰੀਮਤੀ ਨਾਰੂ ਦੇ ਲੰਬੇ ਅਤੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਕੋਲੋਂ ਅਸ਼ੀਰਵਾਦ ਵੀ ਲਿਆ।