ਗੁਰਦਾਸਪੁਰ: ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਦੇ ਉਤਸ਼ਵ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਤਹਿਤ ਸ਼ੂਗਰਫੈੱਡ ਪੰਜਾਬ ਵਲੋਂ ਡੇਰਾ ਬਾਬਾ ਨਾਨਕ ਤੇ ਨਾਲ ਲੱਗਦੇ ਪਿੰਡਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਉਨ੍ਹਾਂ ਦੀਆਂ ਸਿਖਿਆਵਾਂ ਸਬੰਧੀ ਜਾਣੂ ਕਰਾਉਣ ਲਈ ਸਮਾਗਮ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਕਰਮਜੀਤ ਸਿੰਘ ਖਹਿਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਯੋਗ ਰਹਿਨੁਮਾਈ ਹੇਠ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਸਬੰਧ ਵਿੱਚ ਸਮਾਮਗ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਸ਼ੂਗਰਫੈੱਡ ਪੰਜਾਬ ਵਲੋਂ 280 ਪਿੰਡਾਂ ਵਿੱਚ 8-8 ਪਿੰਡਾਂ ਦੇ ਕਲੱਸਟਰਾਂ ਰਾਹੀਂ ਸਾਂਝੀਵਾਲਤਾ ਦੇ ਕਾਫਲੇ ਸਬੰਧੀ ਧਾਰਮਿਕ ਪ੍ਰੋਗਰਾਮ ਕਰਵਾਏ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਵੱਲੋਂ ਨੁੱਕੜ ਮੀਟਿੰਗਾਂ ਤੇ ਨੁੱਕੜ ਨਾਟਕ ਕਰਵਾਏ ਜਾ ਰਹੇ ਹਨ।
ਉਨਾਂ ਦੱਸਿਆ ਕਿ ਮੀਟਿੰਗਾਂ ਅਤੇ ਸਾਂਝੀਵਾਲਤਾ ਦੇ ਕਾਫਲੇ ਸਬੰਧੀ 6 ਨਵੰਬਰ 2019 ਤੱਕ ਪ੍ਰੋਗਰਾਮ ਚਲਾਏ ਜਾਣੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਨਾਲ ਸਬੰਧਤ ਧਾਰਮਿਕ ਨਾਟਕ ਖੇਡੇ ਜਾ ਰਹੇ ਹਨ, ਅਤੇ ਕਵੀਸ਼ਰੀ ਜਥਿਆਂ, ਢਾਢੀ ਜਥਿਆਂ ਅਤੇ ਸਿੱਖ ਬੁਧੀਜੀਵੀਆ ਰਾਹੀਂ ਗੁਰੂ ਸਾਹਿਬ ਦੀ ਜੀਵਨੀ ਅਤੇ ਸਿੱਖ ਇਤਿਹਾਸ ਨਾਲ ਸੰਗਤਾਂ ਨੂੰ ਜੋੜੇ ਜਾਣ ਦੇ ਯਤਨ ਕੀਤੇ ਜਾ ਰਹੇ ਹਨ।
ਇਸ ਲੜੀ ਤਹਿਤ ਹੀ ਦਿਨ ਵੇਲੇ ਮਾਲੇਵਾਲ, ਅਲਾਵਲ ਵਾਲਾ, ਕੋਟਲੀ ਵੀਰਾਨ ਅਤੇ ਪਰਚਾ ਆਦਿ ਆਦਿ ਪਿੰਡਾਂ ਵਿੱਚ ਸ਼ੂਗਰਫੈੱਡ ਪੰਜਾਬ ਵੱਲੋਂ ਨੁੱਕੜ ਮੀਟਿੰਗਾਂ ਕੀਤੀਆ ਗਈਆਂ। ਜਿਸ ਦੌਰਾਨ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸਬੰਧੀ ਚਾਨਣਾ ਪਾਇਆ ਗਿਆ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਪ੍ਰਸਿੱਧ ਨਾਟਕਕਾਰ, ਕੇਵਲ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੇ ਰੰਗਮੰਚ ਵੱਲੋਂ ਗੁਰੂ ਜੀ ਦੀ ਜੀਵਨੀ ਨਾਲ ਸਬੰਧਤ ਨਾਟਕ ਪੇਸ਼ ਕੀਤਾ ਗਿਆ, ਜਿਸ ਦਾ ਇਲਾਕੇ ਦੀਆਂ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ।