ਸੀਵਰੇਜ ਦੀ ਸਮੱਸਿਆ ਨੂੰ ਵੇਖਦਿਆਂ ਅੱਜ ਸੀਵਰੇਜ ਬੋਰਡ ਪੰਜਾਬ ਦੇ ਸੀਈਓ ਅਜੋਏ ਸ਼ਰਮਾ ਬਟਾਲਾ ਪੁੱਜੇ ਅਤੇ ਵੱਖ-ਵੱਖ ਇਲਾਕਿਆਂ 'ਚ ਜਾ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਕਾਂਗਰਸੀ ਨੇਤਾ ਅਸ਼ਵਨੀ ਸੇਖੜੀ ਵੀ ਮੌਕੇ 'ਤੇ ਪਹੁੰਚੇ। ਜਿੱਥੇ ਸਰਕਾਰੀ ਅਫ਼ਸਰ ਅਤੇ ਕਾਂਗਰਸੀ ਨੇਤਾ ਇਕੱਠੇ ਹੋਏ ਉੱਥੇ ਹੀ ਵਿਰੋਧੀ ਪਾਰਟੀ ਅਕਾਲੀ ਦਲ ਦੇ ਨੇਤਾ ਇੰਦਰ ਸੇਖੜੀ ਵੀ ਪਹੁੰਚੇ।
ਸੀਵਰੇਜ ਬੋਰਡ ਪੰਜਾਬ ਦੇ ਸੀਈਓ ਅਜੋਏ ਸ਼ਰਮਾ ਨੇ ਖੁਦ ਮੰਨਿਆ ਕਿ ਬਟਾਲਾ 'ਚ ਸੀਵਰੇਜ ਦੇ ਹਾਲਾਤ ਬੁਰੇ ਹਨ ਅਤੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਜਲਦੀ ਹੀ ਅਸਥਾਈ ਹੱਲ ਕੀਤਾ ਜਾਵੇਗਾ ਤਾਂ ਜੋ ਲੋਕਾਂ ਦੀ ਪਰੇਸ਼ਾਨੀ ਦੂਰ ਹੋ ਸਕੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਲਦੀ ਹੀ ਬਟਾਲਾ 'ਚ ਕੇਂਦਰ ਸਰਕਾਰ ਦੀ 'ਅੰਮ੍ਰਿਤ ਸਕੀਮ' ਤਹਿਤ 160 ਕਰੋੜ ਰੁਪਏ ਖ਼ਰਚ ਕਰਕੇ ਪਾਣੀ, ਸੀਵਰੇਜ ਅਤੇ ਸਟ੍ਰੀਟ ਲਾਈਟ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।
ਅਸ਼ਵਨੀ ਸੇਖੜੀ ਦੇ ਸਕੇ ਭਰਾ ਅਤੇ ਅਕਾਲੀ ਨੇਤਾ ਇੰਦਰ ਸੇਖੜੀ ਨੇ ਵੀ ਮੌਕੇ 'ਤੇ ਪੁੱਜ ਕੇ ਬਟਾਲਾ ਦੇ ਬੁਰੇ ਹਾਲਾਤਾਂ ਨੂੰ ਲੈ ਕੇ ਸੀਵਰੇਜ ਬੋਰਡ ਪੰਜਾਬ ਦੇ ਸੀਈਓ ਅੱਗੇ ਲੋਕਾਂ ਦੀਆ ਪਰੇਸ਼ੀਆਂ ਲਈ ਅਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਬਟਾਲਾ 'ਚ ਵਿਕਾਸ ਲਈ ਪੈਸਾ ਤਾਂ ਪਹਿਲਾਂ ਵੀ ਬਹੁਤ ਆਇਆ ਤੇ ਹੁਣ ਵੀ ਆਵੇਗਾ। ਉਨ੍ਹਾਂ ਆਪਣੇ ਭਰਾ ਅਤੇ ਕਾਂਗਰਸੀ ਨੇਤਾ ਅਤੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਵੱਲ ਇਸ਼ਾਰਾ ਕਰਦਿਆਂ ਕਿਹਾ ਬਟਾਲਾ ਦੀ ਲੀਡਰਸ਼ਿਪ ਹੀ ਭ੍ਰਿਸ਼ਟ ਹੈ।