ਗੁਰਦਾਸਪੁਰ: 2 ਮਹੀਨੇ ਪਹਿਲਾਂ ਪੋਸਟਿੰਗ ‘ਤੇ ਗਿਆ ਭਾਰਤੀ ਫੌਜ ਦਾ ਪੰਜਾਬੀ ਨੌਜਵਾਨ ਸ਼ਹੀਦ ਹੋ ਗਿਆ। ਸ਼ਹੀਦ ਨੌਜਵਾਨ ਗੁਰਦਾਸਪੁਰ ਦੇ ਪਿੰਡ ਕੀੜੀ ਅਫ਼ਗਾਨਾ ਦਾ ਰਹਿਣਾ ਵਾਲਾ ਸੀ। ਸ਼ਹੀਦ ਦੀ ਉਮਰ 20 ਸਾਲ ਸੀ। ਸ਼ਹੀਦ ਦੀ ਗੁਰਵਿੰਦਰ ਸਿੰਘ ਵਜੋਂ ਪਛਾਣ ਹੋਈ ਹੈ। ਭਰਤੀ ਹੋਣ ਤੋਂ ਬਾਅਦ ਜੰਮੂ ‘ਚ ਪਹਿਲੀ ਡਿਊਟੀ ‘ਤੇ ਤੈਨਾਤ ਹੋਇਆ ਸੀ, ਜੋ ਕਿ ਕੱਲ੍ਹ ਜੰਮੂ ‘ਚ ਡਿਊਟੀ ਦੌਰਾਨ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ। ਜਾਣਕਾਰੀ ਦਿੰਦਿਆਂ ਸ਼ਹੀਦ ਦੇ ਪਿਤਾ ਅਤੇ ਮਾਂ ਨੇ ਦੱਸਿਆ, ਕਿ ਗੁਰਵਿੰਦਰ ਸਿੰਘ ਦੇ ਕੱਲ੍ਹ ਡਿਊਟੀ ਦੌਰਾਨ ਗੋਲੀ ਲੱਗੀ ਸੀ, ਜਿਸ ਕਾਰਨ ਉਹ ਸ਼ਹੀਦ ਹੋ ਗਿਆ।
ਸ਼ਹੀਦ ਦੇ ਪਰਿਵਾਰ ਮੈਂਬਰਾਂ ਮੁਤਾਬਿਕ ਭਾਰਤੀ ਫੌਜ ਦੇ ਅਫ਼ਸਰਾਂ ਨੇ ਉਨ੍ਹਾਂ ਨੂੰ ਫੋਨ ਦੇ ਇਹੀ ਜਾਣਕਾਰੀ ਦਿੱਤੀ ਸੀ। ਸ਼ਹੀਦ ਗੁਰਵਿੰਦਰ ਸਿੰਘ ਦੇ ਮਾਤਾ-ਪਿਤਾ ਦੋਵੇਂ ਹੀ ਬਿਮਾਰ ਰਹਿੰਦੇ ਹਨ। ਗੁਰਵਿੰਦਰ ਸਿੰਘ ‘ਤੇ ਹੀ ਘਰ ਦੀ ਸਾਰੀ ਜ਼ਿੰਮੇਵਾਰੀ ਸੀ। ਗੁਰਵਿੰਦਰ ਸਿੰਘ ਦੀ ਕਮਾਈ ‘ਤੇ ਹੀ ਘਰ ਦਾ ਸਾਰਾ ਖ਼ਰਚ ਚੱਲਦਾ ਸੀ।
ਹਾਲਾਂਕਿ ਸ਼ਹੀਦ ਦਾ ਇੱਕ ਹੋਰ ਭਰਾ ਹੈ, ਜੋ ਵਿਦੇਸ਼ ਵਿੱਚ ਕੰਮ ਕਰਦਾ ਸੀ, ਪਰ ਕੋਰੋਨਾ ਕਾਰਨ ਉਹ ਵਿਦੇਸ਼ ਤੋਂ ਵਾਪਸ ਘਰ ਆ ਗਿਆ ਸੀ। ਸ਼ਹੀਦ ਦੇ ਪਰਿਵਾਰ ਨੇ ਮੰਗ ਕੀਤੀ ਹੈ, ਕਿ ਪੰਜਾਬ ਸਰਕਾਰ ਉਨ੍ਹਾਂ ਦੇ ਦੂਜੇ ਪੁੱਤਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ।
ਗੁਰਵਿੰਦਰ ਸਿੰਘ ਸ਼ਹਾਦਤ ਤੋਂ ਬਾਅਦ ਪੂੂਰੇ ਇਲਾਕੇ ਵਿੱਚ ਗਮ ਦੀ ਲਹਿਰ ਹੈ। ਇਲਾਕਾ ਵਾਸੀਆ ਦਾ ਕਹਿਣਾ ਹੈ, ਕਿ ਜਿੱਥੇ ਉਨ੍ਹਾਂ ਨੂੰ ਗੁਰਵਿੰਦਰ ਸਿੰਘ ਦੀ ਸ਼ਹਾਦਤ ‘ਤੇ ਮਾਣ ਹੈ, ਉੱਥੇ ਹੀ ਇਨ੍ਹਾਂ ਲੋਕਾਂ ਵੱਲੋਂ ਸ਼ਹੀਦ ਦੇ ਪਰਿਵਾਰ ਦੀ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਵੱਧ ਤੋਂ ਵੱਧ ਮਦਦ ਦੀ ਮੰਗ ਕੀਤੀ ਗਈ ਹੈ।