ਗੁਰਦਾਸਪੁਰ: ਸੰਯੁਕਤ ਕਿਸਾਨ ਮੋਰਚੇ ਵਲੋਂ ਪੂਰੇ ਪੰਜਾਬ 'ਚ ਮਿੰਨੀ ਲੌਕ ਡਾਊਨ ਦੇ ਖਿਲਾਫ ਪ੍ਰਦਰਸ਼ਨ ਕੀਤੇ ਗਏ ਅਤੇ ਦੁਕਾਨਦਾਰਾਂ ਦੇ ਹੱਕ 'ਚ ਨਿਤਰੇ। ਕਿਸਾਨਾਂ ਵਲੋਂ ਸ਼ਹਿਰਾਂ ਅਤੇ ਕਸਬਿਆਂ 'ਚ ਦੁਕਾਨਾਂ ਖੋਲ੍ਹਣ ਦੀ ਅਪੀਲ ਕਰਦਿਆਂ ਅਤੇ ਲੌਕਡਾਊਨ ਨੂੰ ਲੈਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ| ਇਸ ਦੇ ਚੱਲਦਿਆਂ ਬਟਾਲਾ ਬਾਈਪਾਸ ਨਜ਼ਦੀਕ ਅੰਮ੍ਰਿਤਸਰ-ਪਠਾਨਕੋਟ ਹਾਈਵੇਅ 'ਤੇ ਕਿਸਾਨ ਯੂਨੀਅਨਾਂ ਵਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਜਤਾਉਂਦੇ ਹੋਏ ਨਾਅਰੇਬਾਜ਼ੀ ਕਰਦਿਆਂ ਪੁਤਲਾ ਵੀ ਫੂਕਿਆ ਗਿਆ | ਇਸ ਦੇ ਨਾਲ ਹੀ ਕਿਸਾਨ ਮਜਦੂਰ ਯੂਨੀਅਨ ਮਾਝਾ ਵਲੋਂ ਕਿਸਾਨਾਂ ਦੇ ਜਥੇ ਦੀ ਇੱਕ ਬੱਸ ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ 'ਚ ਸ਼ਾਮਿਲ ਹੋਣ ਲਈ ਰਵਾਨਾ ਵੀ ਕੀਤੀ ਗਈ |
ਇਸ ਮੌਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਇਹ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਖਿਲਾਫ ਹੈ। ਪੰਜਾਬ ਦੇ ਮੁੱਖ ਮੰਤਰੀ ਵਲੋਂ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਜੋ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ, ਉਹ ਉਸ ਦਾ ਵਿਰੋਧ ਕਰਦੇ ਹਨ। ਕਿਸਾਨਾਂ ਦਾ ਕਹਿਣਾ ਕਿ ਜੋ ਸਰਕਾਰ ਵਲੋਂ ਪਹਿਲਾਂ ਮਿੰਨੀ ਲੌਕਡਾਊਨ ਦਾ ਫੈਸਲਾ ਅਤੇ ਹੁਣ ਸਾਰੀਆਂ ਦੁਕਾਨਾਂ ਸੀਮਿਤ ਸਮੇਂ ਲਈ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ, ਇਹ ਸਭ ਬੇਤੁਕੇ ਫੈਸਲੇ ਹਨ।
ਇਹ ਵੀ ਪੜ੍ਹੋ:ਸੋਮਵਾਰ ਤੋਂ ਸਮਾਂ ਵੱਧ ਤਰੀਕੇ ਨਾਲ ਖੁੱਲ੍ਹਣਗੀਆਂ ਦੁਕਾਨਾਂ, ਡੀਸੀ ਨੇ ਕੀਤੀ ਤਾੜਣਾ
ਉਨ੍ਹਾਂ ਦਾ ਕਹਿਣਾ ਕਿ ਸਰਕਾਰ ਦੇ ਅਜਿਹੇ ਫੈਸਲਿਆਂ ਨਾਲ ਸਿੱਧੇ ਤੌਰ 'ਤੇ ਗਰੀਬ ਅਤੇ ਮੱਧਮ ਵਰਗ ਦੇ ਲੋਕਾਂ ਨੂੰ ਅਸਰ ਹੋ ਰਿਹਾ ਹੈ ਅਤੇ ਇੱਕ ਪਾਸੇ ਤਾਂ ਛੋਟੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ 'ਤੇ ਪਾਬੰਦੀਆਂ ਹਨ ਪਰ ਦੂਜੇ ਪਾਸੇ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਹਨ। ਕਿਸਾਨ ਆਗੂਆਂ ਦਾ ਕਹਿਣਾ ਕਿ ਸਰਕਾਰ ਨੂੰ ਚਾਹੀਦਾ ਕਿ ਦੁਕਾਨਾਂ ਨੂੰ ਵੀ ਪੂਰਾ ਸਮਾਂ ਖੋਲ੍ਹਣਾ ਚਾਹੀਦਾ ਹੈ, ਤਾਂ ਜੋ ਕੋਰੋਨਾ ਦੇ ਚੱਲਦਿਆਂ ਦੁਕਾਨਾਂ 'ਚ ਭੀੜ ਨਾ ਹੋਵੇ।
ਇਹ ਵੀ ਪੜ੍ਹੋ:ਟੀਕਾਕਰਣ ਮੁਹਿੰਮ ਲਈ 35,000 ਕਰੋੜ ਦੇ ਬਜਟ ਚੋਂ ਹਾਲੇ ਤੱਕ ਖ਼ਰਚੇ ਗਏ ਸਿਰਫ਼ 4,744 ਕਰੋੜ