ਗੁਰਦਾਸਪੁਰ: ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਵਿਖੇ ਭਾਰਤ-ਪਾਕਿ ਦੀ ਜ਼ੀਰੋ ਲਾਈਨ ਉੱਤੇ ਕਰਤਾਰਪੁਰ ਲਾਂਘੇ ਦੇ ਫਲਾਈ ਓਵਰ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਤਕਨੀਕੀ ਅਧਿਕਾਰੀਆਂ ਵੱਲੋਂ ਅਹਿਮ ਮੀਟਿੰਗ ਹੋਈ।
ਨੈਸ਼ਨਲ ਹਾਇਵੇ ਅਥਾਰਟੀ ਦੇ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਇਸ ਮੀਟਿੰਗ ਵਿੱਚ ਪਾਕਿਸਤਾਨ ਵੱਲੋਂ 4 ਅਧਿਕਾਰੀ ਅਤੇ ਭਾਰਤ ਵੱਲੋਂ 2 ਅਧਿਕਾਰੀ ਸ਼ਾਮਿਲ ਹੋਏ।
ਜਤਿੰਦਰ ਨੇ ਦੱਸਿਆ ਕਿ ਭਾਰਤ ਵੱਲੋਂ ਤਿਆਰ ਕੀਤੇ ਗਏ 100 ਮੀਟਰ ਦੇ ਫਲਾਈ ਓਵਰ ਨੂੰ ਪੂਰਾ ਕੀਤਾ ਜਾ ਚੁੱਕਿਆ ਹੈ। ਉੱਥੇ ਹੀ ਪਾਕਿਸਤਾਨ ਵੱਲੋਂ ਤਿਆਰ ਕੀਤੇ ਜਾ ਰਹੇ ਇਸ ਪੁੱਲ ਨੂੰ 260 ਮੀ. ਤੋਂ ਲੈ ਕੇ 300 ਮੀ. ਤੱਕ ਲੰਬਾ ਤਿਆਰ ਕੀਤਾ ਜਾਵੇਗਾ ਅਤੇ ਇਸ ਫਲਾਈ ਓਵਰ ਨੂੰ ਭਾਰਤ ਵਾਲੇ ਫਲਾਈ ਓਵਰ ਨਾਲ ਜੋੜਿਆ ਜਾਵੇਗਾ।
ਪਾਕਿਸਤਾਨ ਦੇ ਅਧਿਕਾਰੀਆਂ ਵੱਲੋਂ ਜ਼ੀਰੋ ਲਾਈਨ ਉੱਤੇ ਪਹੁੰਚ ਕੇ ਭਾਰਤ ਵੱਲੋਂ ਬਣਾਏ ਗਏ ਪੁੱਲ ਦੀ ਰਿਪੋਰਟ ਤਿਆਰ ਕੀਤੀ ਗਈ ਤਾਂ ਕਿ ਇਸ ਪੁੱਲ ਦੇ ਡਿਜ਼ਾਈਨ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇ।
ਐੱਨ.ਐੱਚ.ਏ ਦੇ ਅਧਿਕਾਰੀ ਨੇ ਦੱਸਿਆ ਕਿ ਇੱਕ ਘੰਟੇ ਤੱਕ ਚੱਲੀ ਇਸ ਮੀਟਿੰਗ ਵਿੱਚ ਸਿਰਫ਼ ਫਲਾਈ ਓਵਰ ਦੇ ਮੁੱਦੇ ਉੱਤੇ ਹੀ ਗੱਲਬਾਤ ਹੋਈ। ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਦੇ ਤੇਜ਼ ਵਹਾਅ ਪਾਣੀ ਨੂੰ ਵੇਖਦੇ ਹੋਏ ਇਸ ਫਲਾਈ ਓਵਰ ਨੂੰ ਬਣਾਉਣਾ ਜ਼ਰੂਰੀ ਹੈ।
ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਅਧਿਕਾਰੀਆਂ ਦੀ ਇਸ ਮੀਟਿੰਗ ਤੋਂ ਬਾਅਦ ਇਹ ਸਪੱਸ਼ਟ ਹੋ ਰਿਹਾ ਹੈ ਕਿ ਪਾਕਿਸਤਾਨ ਸਰਕਾਰ ਛੇਤੀ ਹੀ ਫਲਾਈ ਓਵਰ ਤਿਆਰ ਕਰਨ ਦੀ ਸ਼ੁਰੂਆਤ ਕਰੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿ ਸਰਕਾਰ ਇਸ ਪੁੱਲ ਦੇ ਕੰਮ ਨੂੰ 1 ਸਾਲ ਦੇ ਅੰਦਰ-ਅੰਦਰ ਪੂਰਾ ਕਰ ਸਕਦੀ ਹੈ।