ਗੁਰਦਾਸਪੁਰ: ਇੱਥੋ ਦੇ ਮੁਹੱਲਾ ਪ੍ਰੇਮ ਨਗਰ ਵਿੱਚ ਇਕ 40 ਸਾਲ ਦੇ ਵਿਅਕਤੀ ਧਰਮਿੰਦਰ ਸਿੰਘ ਨੇ ਘਰ ਵਿਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦਾ ਆਪਣੀ ਪਤਨੀ ਨਾਲ ਘਰੇਲੂ ਕਲੇਸ਼ ਚੱਲ ਰਿਹਾ ਸੀ ਜਿਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਸੀ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮ੍ਰਿਤਕ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਵਿੱਚ ਮ੍ਰਿਤਕ ਨੇ ਆਪਣੀ ਮੌਤ ਦਾ ਕਾਰਨ ਆਪਣੀ ਪਤਨੀ ਅਤੇ ਸਹੁਰੇ ਨੂੰ ਦੱਸਿਆ ਹੈ। ਫ਼ਿਲਹਾਲ ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦਾ 4 ਸਾਲ ਪਹਿਲਾਂ ਵਿਆਹ ਹੋਇਆ ਸੀ। ਉਹ ਜਲੰਧਰ ਵਿੱਚ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਸੀ, ਪਰ ਉਸ ਦੀ ਪਤਨੀ ਨੂੰ ਇਹ ਪਸੰਦ ਨਹੀਂ ਸੀ। ਇਸ ਕਾਰਨ ਭਰਾ ਦਾ ਪਤਨੀ ਨਾਲ ਲੜਾਈ ਝਗੜਾ ਰਹਿੰਦਾ ਸੀ।
ਇਸ ਤੋਂ ਤੰਗ ਹੋ ਕੇ ਮ੍ਰਿਤਕ ਧਰਮਿੰਦਰ ਨੌਕਰੀ ਛੱਡ ਕੇ ਸ਼ਹਿਰ ਹੀ ਦਿਹਾੜੀ ਕਰਨ ਲੱਗਾ, ਪਰ ਪਤਨੀ ਫਿਰ ਵੀ ਉਸ ਨਾਲ ਲੜਾਈ ਝਗੜਾ ਕਰਦੀ ਸੀ। 4 ਮਹੀਨੇ ਪਹਿਲਾਂ ਉਸ ਦੀ ਪਤਨੀ ਨੇ ਵੱਖ ਹੋਣ ਦਾ ਧਰਮਿੰਦਰ ਉੱਤੇ ਮਾਮਲਾ ਦਰਜ ਕਰਵਾ ਦਿੱਤਾ ਸੀ ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਮੰਗਲਵਾਰ ਰਾਤ ਨੂੰ ਉਸ ਨੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਅਤੇ ਉਨ੍ਹਾਂ ਨੂੰ ਬੁੱਧਵਾਰ ਸਵੇਰੇ ਪਤਾ ਲਗਾ ਜਦੋ ਉਸ ਨੇ ਦਰਵਾਜਾ ਨਹੀਂ ਖੋਲਿਆ।
ਇਹ ਵੀ ਪੜ੍ਹੋ: ਮਹਾਂਰਾਸ਼ਟਰ : ਭਾਜਪਾ ਵਿਧਾਇਕ ਦਲ ਦੀ ਬੈਠਕ ਅੱਜ
ਮੌਕੇ 'ਤੇ ਪਹੁੰਚੇ ਡੀਐਸਪੀ ਸੁੱਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਹੈ। ਮੌਕੇ 'ਤੇ ਆ ਕੇ ਵਿਅਕਤੀ ਦੀ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਕੋਲੋ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਉਸ ਨੇ ਸੁਸਾਈਡ ਨੋਟ ਵਿੱਚ ਆਪਣੀ ਮੌਤ ਦਾ ਕਾਰਨ ਆਪਣੀ ਪਤਨੀ ਅਤੇ ਸਹੁਰੇ ਨੂੰ ਦੱਸਿਆ ਹੈ। ਇਸ ਲਈ ਪਰਿਵਾਰਕ ਮੈਬਰਾਂ ਦੇ ਬਿਆਨ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।