ਗੁਰਦਾਸਪੁਰ: ਰੁਜ਼ਗਾਰ ਦੀ ਭਾਲ ਵਿੱਚ ਆਪਣੇ ਮੁਲਕ ਨੂੰ ਛੱਡ ਕਈ ਲੋਕ ਦੂਸਰੇ ਮੁਲਕਾਂ ਵਿੱਚ ਜਾਂਦੇ ਹਨ। ਉਨ੍ਹਾਂ ਦੇ ਪਰਿਵਾਰ ਵੀ ਪਿੱਛੇ ਉਨ੍ਹਾਂ ਦੀ ਉਡੀਕ ਕਰਦੇ ਹਨ, ਪਰ ਜਦੋਂ ਉੱਕਤ ਵਿਅਕਤੀ ਦੀ ਵਿਦੇਸ਼ ਵਿੱਚ ਹੀ ਮੌਤ ਹੋ ਜਾਵੇ ਤਾਂ ਪਰਿਵਾਰ ਲਈ ਆਖ਼ਰੀ ਵਾਰ ਆਪਣੇ ਜੀਅ ਨੂੰ ਨਾ ਦੇਖ ਸਕਣਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਗੁਰਦਾਸਪੁਰ ਦੇ ਪਿੰਡ ਔਜਲਾ ਦਾ ਇੱਕ ਵਿਅਕਤੀ ਅੱਜ ਤੋਂ 5 ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿੱਚ ਕੁਵੈਤ ਵਿਖੇ ਗਿਆ ਸੀ। ਉੱਕਤ 40 ਸਾਲਾ ਵਿਅਕਤੀ ਰਿਪਲ ਮਸੀਹ ਜੋ ਕਿ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ।
ਮ੍ਰਿਤਕ ਦੀ ਬੇਟੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਪਿਤਾ ਨੂੰ ਬਿਮਾਰੀ ਦੇ ਚੱਲਦਿਆਂ ਹਸਪਤਾਲ ਵਿੱਚ ਵੀ ਭਰਤੀ ਕਰਵਾਇਆ ਗਿਆ ਸੀ। ਪਰ ਕੱਲ੍ਹ ਸ਼ਾਮ ਨੂੰ ਉਨ੍ਹਾਂ ਨੂੰ ਫ਼ੋਨ ਆਇਆ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ।
ਮਸੀਹ ਦੀ ਬੇਟੀ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਾਉਂਦਿਆਂ ਕਿਹਾ ਕਿ ਉਹ ਅਤੇ ਉਸਦੀ ਮਾਂ ਆਖ਼ਰੀ ਵਾਰ ਆਪਣੇ ਪਿਤਾ ਨੂੰ ਦੇਖਣਾ ਚਾਹੁੰਦੇ ਹਨ। ਉਸ ਨੇ ਦੱਸਿਆ ਕਿ ਇਸ ਹਾਦਸੇ ਨੂੰ ਲੈ ਕੇ ਉਸ ਦੀ ਮਾਂ ਦੀ ਹਾਲਤ ਬਹੁਤ ਖ਼ਰਾਬ ਹੋ ਗਈ ਹੈ। ਉਸਦਾ ਪਰਿਵਾਰ ਚਾਹੁੰਦਾ ਹੈ ਕਿ ਉਸ ਦੇ ਪਿਤਾ ਦੀ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਲਿਆਂਦਾ ਜਾਵੇ।
ਪਿੰਡ ਦੇ ਐਮ.ਸੀ ਬਲਰਾਜ ਸਿੰਘ ਨੇ ਦੱਸਿਆ ਕਿ ਇਹ ਪਰਿਵਾਰ ਬਹੁਤ ਗ਼ਰੀਬ ਹੈ ਅਤੇ ਇਹਨਾਂ ਦਾ 40 ਸਾਲਾਂ ਪੁੱਤਰ ਰਿਪਲ ਮਸੀਹ 3 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਕੁਵੈਤ ਗਿਆ ਸੀ।
ਉਨ੍ਹਾਂ ਦੱਸਿਆ ਕਿ ਰਿਪਲ 1 ਸਾਲ ਪਹਿਲਾਂ ਛੁੱਟੀ ਤੇ ਆਇਆ ਸੀ, ਪਰ ਜਦ ਉਹ ਮੁੜ ਕੁਵੈਤ ਗਿਆ ਤਾਂ ਜਾਂਦੇ ਸਾਰ ਹੀ ਉਹ ਬੀਮਾਰ ਹੋ ਗਿਆ। 2 ਦਿਨ ਪਹਿਲਾ ਹੀ ਕੰਪਨੀ ਨੇ ਉਸ ਨੂੰ ਵਾਪਿਸ ਭਾਰਤ ਭੇਜਣ ਲਈ ਟਿਕਟ ਕਰਵਾਈ ਸੀ ਅਤੇ ਉਸ ਨੇ ਸ਼ਨਿਚਰਵਾਰ ਸ਼ਾਮ ਨੂੰ ਭਾਰਤ ਵਾਪਸ ਆਉਣਾ ਸੀ ਪਰ ਬੀਤੇ ਕੱਲ੍ਹ ਹੀ ਉਸ ਦੀ ਮੌਤ ਹੋ ਗਈ।
ਮਸੀਹ ਦੀ ਮੌਤ ਨੂੰ ਲੈ ਕੇ ਜਿਥੇ ਪਰਿਵਾਰ ਤਾਂ ਸਦਮੇ ਵਿੱਚ ਹੈ ਹੀ, ਪਿੰਡ ਨੂੰ ਵੀ ਬਹੁਤ ਵੱਡਾ ਝਟਕਾ ਲੱਗਿਆ ਹੈ। ਬਲਰਾਜ ਨੇ ਵੀ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਸਰਕਾਰ ਉਸ ਦੀ ਲਾਸ਼ ਨੂੰ ਵਾਪਸ ਪੰਜਾਬ ਲਿਆਉਣ ਦੀ ਖੇਚਲ ਕਰੇ।