ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਛੰਭ ਵਿੱਚ ਸਥਿਤ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਦਾ ਆਪਣਾ ਇੱਕ ਵੱਖਰਾ ਅਤੇ ਵਿਲੱਖਣ ਇਤਿਹਾਸ ਹੈ। ਇਸ ਮਕੱਦਸ ਧਰਤ 'ਤੇ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ 17 ਮਈ 1746 ਈਸਵੀ ਨੂੰ ਇੱਕ ਖੂਨੀ ਦੁਖਾਂਤ ਵਾਪਰਿਆ ਸੀ, ਜੋ ਇਤਿਹਾਸ ਦੇ ਪੰਨਿਆਂ ਵਿੱਚ ਛੋਟੇ ਘੱਲੂਘਾਰੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਦੂਜੇ ਘਲੂਘਾਰੇ ਸਮੇਂ ਵੀ ਇੱਕ ਵੱਡਾ ਕਤਲੇਆਮ ਹੋਇਆ ਸੀ, ਜਿਸ ਤੋਂ ਬਾਅਦ ਘੱਲੂਘਾਰੇ ਨੂੰ ਵਖਰਾ ਦਰਸਾਉਣ ਦੇ ਮੰਤਵ ਨਾਲ ਇਸ ਨੂੰ ਛੋਟਾ ਘੱਲੂਘਾਰਾ ਕਿਹਾ ਜਾਣ ਲੱਗਿਆ।
ਕਾਹਨੂੰਵਾਨ ਦੇ ਛੰਭ ਇਲਾਕੇ ਵਿੱਚ ਸਥਿਤ ਇਹ ਛੋਟਾ ਘੱਲੂਘਾਰਾ ਸਾਹਿਬ ਗੁਰਦਾਸਪੁਰ ਤੋਂ ਮੁਕੇਰੀਆਂ ਨੂੰ ਜਾਂਦੀ ਸੜਕ ਉੱਤੇ 8 ਕਿਲੋਮੀਟਰ ਦੂਰੀ 'ਤੇ ਸਥਿਤ ਹੈ। ਇਸ ਛੋਟੇ ਘੱਲੂਘਾਰੇ ਦੇ ਖੂਨੀ ਦੁਖਾਂਤ ਵਿੱਚ 11 ਹਜ਼ਾਰ ਦੇ ਕਰੀਬ ਸਿੰਘ-ਸਿੰਘਣੀਆਂ ਸ਼ਹੀਦ ਹੋਏ ਸਨ। ਇਨ੍ਹਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਤੋਂ ਜਾਣੂੰ ਕਰਵਾਉਣ ਲਈ ਗੁਰਦੁਆਰਾ ਛੋਟਾ ਘੱਲੂਗਾਰਾ ਸਾਹਿਬ ਨੇੜੇ ਇਕ ਸ਼ਹੀਦੀ ਸਮਾਰਕ ਵੀ ਬਣਾਇਆ ਗਿਆ। ਇਸ ਸ਼ਹੀਦੀ ਸਮਾਰਕ ਵਿੱਚ ਉਸ ਸਮੇ ਵਾਪਰੇ ਖੂਨੀ ਦੁਖਾਂਤ ਅਤੇ ਸਿੰਘਾਂ ਦੀ ਬਹਾਦਰੀ ਨੂੰ ਦਰਸਾਉਂਦੇ ਹੋਏ ਬੁੱਤ ਬਣਾਏ ਗਏ ਹਨ ਜਿਸਦੀ ਸਾਂਭ ਸੰਭਾਲ ਜ਼ਿਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ। ਗੁਰਦੁਆਰਾ ਸਾਹਿਬ ਦੀ ਸੇਵਾ ਇਸ ਸਮੇਂ ਮਾਸਟਰ ਜੌਹਰ ਸਿੰਘ ਵੱਲੋਂ ਨਿਭਾਈ ਜਾ ਰਹੀ ਹੈ।
ਗੁਰਦਵਾਰਾ ਛੋਟਾ ਘੱਲੂਘਾਰਾ ਸਾਹਿਬ ਦਾ ਕੀ ਹੈ ਇਤਿਹਾਸ ?
ਕਾਹਨੂੰਵਾਨ ਛੰਭ 'ਚ ਸਥਿਤ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਦੇ ਵਿਲੱਖਣ ਇਤਿਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਨੇ ਦਸਿਆ ਕਿ 18ਵੀਂ ਸਦੀ ਦੇ ਅੱਧ ਵਿੱਚ ਦੀਵਾਨ ਲਖਪਤ ਰਾਏ ਦੇ ਭਰਾ ਅਤੇ ਐਮਨਾਬਾਦ ਦੇ ਫੌਜਦਾਰ ਜਸਪਤ ਰਾਏ ਦੀ ਪਿੰਡ ਖੋਖਰਾਂ ਵਿਖੇ ਸਿੰਘਾਂ ਨਾਲ ਲੜਾਈ ਦੌਰਾਨ ਮੌਤ ਹੋ ਗਈ ਤਾਂ ਦੀਵਾਨ ਲਖਪਤ ਰਾਏ ਨੇ ਭਰਾ ਦੀ ਮੌਤ ਦਾ ਬਦਲਾ ਲੈਣ ਦਾ ਪ੍ਰਣ ਕੀਤਾ। ਉਸ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੀ ਕਸਮ ਖਾਧੀ ਤੇ ਲਾਹੌਰ ਦੇ ਸ਼ਾਹੀ ਗਵਰਨਰ ਯਹੀਆ ਖਾਂ ਤੋਂ ਮਦਦ ਲੈ ਕੇ ਸ਼ਾਹੀ ਫੌਜ ਇਕੱਤਰ ਕੀਤੀ। ਅਗਲੇ ਹੀ ਦਿਨ ਲਾਹੌਰ ਵਿੱਚ ਮੱਸਿਆ ਦੇ ਦਿਨ ਉਸ ਨੇ ਬਾਜ਼ਾਰ ਵਿੱਚ ਜਾਂਦੇ ਹਰ ਸਿੱਖ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ।
ਨਵਾਬ ਕਪੂਰ ਸਿੰਘ ਦੀ ਫੌਜ ਨੇ ਕੀਤਾ ਮੁਕਾਬਲਾ
ਜਦੋਂ ਇਸ ਦਰਦਨਾਕ ਘਟਨਾ ਦੀ ਦੁਖਦਾਈ ਖਬਰ ਸਿੱਖ ਜਰਨੈਲ ਨਵਾਬ ਕਪੂਰ ਸਿੰਘ ਨੂੰ ਮਿਲੀ ਤਾਂ ਉਨ੍ਹਾਂ ਉਸ ਸਮੇਂ ਦੇ ਸਾਰੇ ਸਿੱਖ ਜਰਨੈਲਾਂ ਨੂੰ ਸੁਨੇਹੇ ਭੇਜ ਕੇ ਫੌਜਾਂ ਸਮੇਤ ਕਾਹਨੂੰਵਾਨ ਦੇ ਛੰਭ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਅਪੀਲ ਨਾਲ ਵੱਖ-ਵੱਖ ਜਰਨੈਲ ਆਪਣੇ ਜਥਿਆਂ ਸਮੇਤ ਕਾਹਨੂੰਵਾਨ ਦੇ ਛੰਭ ਵਿੱਚ ਪੁੱਜ ਗਏ, ਜਿਥੇ ਸਿੱਖ ਫੌਜਾਂ ਦੀ ਗਿਣਤੀ 25 ਹਜ਼ਾਰ ਦੇ ਲਗਭਗ ਹੋ ਗਈ। ਦੂਜੇ ਪਾਸੇ ਦੀਵਾਨ ਲਖਪਤ ਰਾਏ ਨੇ ਲੱਖਾਂ ਦੀ ਫੌਜ ਲੈ ਕੇ ਸਿੱਖਾਂ ਦਾ ਪਿੱਛਾ ਕਰਦਿਆਂ ਇਸ ਅਸਥਾਨ ਉੱਤੇ ਪਹੁੰਚ ਕੇ ਘੇਰਾ ਪਾ ਲਿਆ।
ਕਾਹਨੂੰਵਾਨ, ਸ੍ਰੀ ਹਰਗੋਬਿੰਦਪੁਰ, ਗੁਰਦਾਸਪੁਰ ਤੇ ਬਿਆਸ ਦਰਿਆ ਨਾਲ ਜੁੜੇ ਇਸ ਵਿਸਾਲ ਛੰਭ 'ਚ ਪੁੱਜੀ ਸ਼ਾਹੀ ਫੌਜ ਨੇ ਪੁਲਿਸ ਚੌਕੀਆਂ ਕਾਇਮ ਕਰ ਲਈਆਂ ਤੇ ਖਾਸ-ਖਾਸ ਟਿਕਾਣਿਆਂ ਉੱਤੇ ਤੋਪਾਂ ਵੀ ਬੀੜ ਦਿੱਤੀਆਂ। ਛੰਭ ਨੇੜਲੇ ਵਸਨੀਕ ਲੋਕਾਂ ਨੂੰ ਸਿੱਖਾਂ ਦੀ ਹਰ ਸਰਗਰਮੀ ਸਬੰਧੀ ਜਾਣਕਾਰੀ ਦੇਣ ਲਈ ਹਦਾਇਤਾਂ ਜਾਰੀ ਕਰ ਕੇ, ਪਹਾੜੀ ਰਾਜਿਆਂ ਨਾਲ ਸੰਪਰਕ ਬਣਾ ਕੇ ਸਾਹੀ ਫੌਜਾਂ ਨੇ ਸਿੱਖਾਂ ਨੂੰ ਮੁਕਾਉਣਾ ਸ਼ੁਰੂ ਕਰ ਦਿੱਤਾ। ਇਧਰ ਸਿੰਘ ਵੀ ਰਾਤ ਵੇਲੇ ਜੰਗਲ ਤੋਂ ਬਾਹਰ ਨਿਕਲਦੇ ਤੇ ਲਖਪਤ ਰਾਏ ਦੀਆਂ ਫੌਜਾਂ ਦਾ ਕਤਲੇਆਮ ਕਰ ਕੇ ਰਾਸ਼ਨ ਤੇ ਹਥਿਆਰ ਲੁੱਟ ਕੇ ਆਪਣੇ ਟਿਕਾਣਿਆਂ ਉੱਤੇ ਜਾ ਬਹਿੰਦੇ। ਇਸ ਛੰਭ ਦਾ ਘੇਰਾ ਲਗਭਗ 3 ਮਹੀਨੇ ਚੱਲਿਆ।
ਇਸ ਲੰਬੀ ਚਲਦੀ ਗੁਰੀਲਾ ਲੜਾਈ 'ਚ ਸਿੰਘਾਂ ਦਾ ਰਾਸ਼ਨ ਪਾਣੀ ਖ਼ਤਮ ਹੋ ਗਿਆ ਤੇ ਇਸ ਨਾਲ ਸਿੰਘਾਂ ਦਾ ਜਾਨੀ ਨੁਕਸਾਨ ਵੀ ਹੋਣਾ ਅਰੰਭ ਹੋ ਗਿਆ ਪਰ ਸਿੰਘਾਂ ਨੇ ਫਿਰ ਵੀ ਹਠ ਨਹੀਂ ਛੱਡਿਆ। ਸਿੰਘਾਂ ਦੇ ਰਾਸ਼ਨ ਦੇ ਚਾਲੇ ਪੈਣ ਦੀ ਖ਼ਬਰ ਜਦੋਂ ਮੁਲਤਾਨ ਦੇ ਵਜ਼ੀਰ ਕੌੜਾ ਮੱਲ ਨੂੰ ਲੱਗੀ ਤਾਂ ਉਸ ਨੇ ਹਜ਼ਾਰਾਂ ਖੱਚਰਾਂ, ਘੋੜਿਆਂ ਉੱਤੇ ਰਾਸ਼ਨ ਲੱਦ ਕੇ ਜੰਮੂ ਨੂੰ ਭੇਜਣ ਲਈ ਇੱਕ ਵਪਾਰੀ ਨੂੰ ਤੋਰ ਦਿੱਤਾ ਤੇ ਦੂਸਰੇ ਪਾਸੇ ਖੁਫ਼ੀਆ ਤੌਰ ਉੱਤੇ ਸਿੰਘਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਜਦੋਂ ਇਹ ਰਾਸਨ ਵਾਲੇ ਘੋੜੇ, ਖੱਚਰਾਂ ਤੁਹਾਡੇ ਨੇੜਿਉਂ ਗੁਜ਼ਰਨ ਤਾਂ ਲੁੱਟ ਲਏ ਜਾਣ। ਇਹ ਸਿੰਘਾਂ ਲਈ ਇੱਕ ਖੁਸੀ ਵਾਲੀ ਖ਼ਬਰ ਸੀ ਤੇ ਉਨ੍ਹਾਂ ਨੇ ਇੰਜ ਹੀ ਕੀਤਾ। ਜਦੋਂ ਵਪਾਰੀ ਕਾਹਨੂੰਵਾਨ ਦੇ ਛੰਭ ਨੇੜਿਓਂ ਗੁਜ਼ਰ ਰਿਹਾ ਸੀ ਤਾਂ ਸਿੰਘਾਂ ਨੇ ਇਹ ਸਾਰਾ ਰਾਸ਼ਨ ਆਪਣੇ ਹੱਥਾਂ 'ਚ ਕਰ ਲਿਆ, ਜਿਸ ਨਾਲ ਸਿੱਖ ਜਰਨੈਲਾਂ ਨੂੰ ਭਾਰੀ ਰਾਹਤ ਮਿਲੀ ਤੇ ਸਿੰਘਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ।
ਲਖਪਤ ਰਾਏ ਨੇ ਲਾਈ ਛੰਭ ਨੂੰ ਅੱਗ
ਕੌੜਾ ਮੱਲ ਦੀ ਇਸੇ ਨੇਕੀ ਕਰ ਕੇ ਉਸ ਨੂੰ ਸਿੱਖ ਇਤਿਹਾਸ 'ਚ ਮਿੱਠਾ ਮੱਲ ਵੀ ਕਿਹਾ ਜਾਂਦਾ ਹੈ। ਉਧਰ ਲਖਪਤ ਰਾਏ ਦੇ ਮਾਮਾ ਤੇ ਪੁੱਤਰ ਸਿੰਘਾਂ ਹੱਥੋਂ ਮਾਰੇ ਗਏ ਅਤੇ ਉਹ ਆਪਣੀ ਹਾਰ ਨੂੰ ਵੇਖ ਕੇ ਘਟੀਆ ਤੌਰ-ਤਰੀਕਿਆਂ ਉੱਤੇ ਉਤਰ ਆਇਆ। ਉਸ ਨੇ ਸੋਚਿਆ ਕਿ ਉਹ ਦਿੱਲੀ ਦਰਬਾਰ ਜਾ ਕੇ ਕੀ ਮੂੰਹ ਵਿਖਾਏਗਾ? ਉਸ ਨੇ ਨੇੜਲੇ ਪਿੰਡਾਂ ਦੇ ਲੁਹਾਰ, ਤਰਖਾਣ ਇਕੱਠੇ ਕਰ ਕੇ ਇਸ ਛੰਭਨੁਮਾ ਜੰਗਲ ਦੇ ਰੁੱਖਾਂ ਨੂੰ ਕਟਵਾ ਦਿੱਤਾ ਤੇੇ ਚੁਫੇਰਿਉਂ ਅੱਗ ਲਗਵਾ ਦਿੱਤੀ। ਜੇਠ ਹਾੜ੍ਹ ਦੇ ਮਹੀਨੇ ਦੀ ਗਰਮੀ ਜੰਗਲ ਦੀ ਅੱਗ, ਪਹਾੜ ਵਾਲੇ ਪਾਸੇ ਪਹਾੜੀ ਰਾਜੇ ਅਤੇ ਚੜ੍ਹਦੇ ਪਾਸੇ ਦਰਿਆ ਬਿਆਸ 'ਚ ਹੜ੍ਹ।
ਇਸ ਤਰ੍ਹਾਂ ਸਿੰਘ ਚਾਰ ਚੁਫ਼ੇਰਿਓ ਘਿਰ ਗਏ ਸਿੱਖ ਜਰਨੈਲਾਂ ਨੇ ਮਤਾ ਪਾਸ ਕੀਤਾ ਕਿ ਇਹ ਸਮਾਂ ਸਿੱਖੀ ਦੀ ਸ਼ਾਨ ਤੇ ਆਣ ਨੂੰ ਬਚਾਉਣ ਦਾ ਹੈ ਅਤੇ ਮੈਦਾਨੇ ਜੰਗ ਵਿੱਚ ਨਿਕਲ ਕੇ ਦੁਸ਼ਮਣ ਖ਼ਿਲਾਫ਼ ਜੂਝ ਕੇ ਲੜਨ ਅਤੇ ਸ਼ਹੀਦੀਆਂ ਪ੍ਰਾਪਤ ਕਰਨ ਦਾ ਹੈ। ਸੋ ਸਾਰਾ ਦਿਨ ਸ਼ਾਹੀ ਫੌਜਾਂ ਨਾਲ ਗਹਿ ਗੱਚ ਹੋਈ ਲੜਾਈ ਵਿੱਚ 11 ਹਜ਼ਾਰ ਤੋਂ ਵੱਧ ਸਿੰਘ ਸਿੰਘਣੀਆਂ ਸ਼ਹੀਦੀਆਂ ਪਾ ਗਏ। 2 ਹਜ਼ਰ ਦੇ ਕਰੀਬ ਸਿੰਘ ਜੰਗਲ ਦੀ ਅੱਗ ਵਿੱਚ ਝੁਲਸ ਗਏ ਅਤੇ ਕੁਝ ਬਿਆਸ ਦਰਿਆ ਪਾਰ ਕਰਦਿਆਂ ਸ਼ਹੀਦ ਹੋ ਗਏ। ਸੈਂਕੜੇ ਸਿੰਘਾਂ ਨੂੰ ਲਖਪਤ ਬੰਦੀ ਬਣਾ ਕੇ ਲਾਹੌਰ ਲੈ ਗਿਆ। ਲਾਹੌਰ ਜਾ ਕੇ ਇਨ੍ਹਾਂ ਸਿੰਘਾਂ ਨੂੰ ਬੜੀ ਬੇਰਹਿਮੀ ਨਾਲ ਘਟੀਆ ਕਿਸਮ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਇਹ ਸਾਕਾ 17 ਮਈ 1746 ਈਸਵੀ ਨੂੰ ਵਾਪਰਿਆ। ਇਹ ਯੁੱਧ ਇਤਿਹਾਸ ਵਿੱਚ ਛੋਟੇ ਘੱਲੂਘਾਰੇ ਦੇ ਨਾਂ ਤੇ ਪ੍ਰਸਿੱਧ ਹੈ।