ਗੁਰਦਾਸਪੁਰ: ਫਿਲਮੀ ਜਗਤ ਦੇ ਅਦਾਕਾਰ ਸੰਨੀ ਦਿਓਲ ਗੁਰਦਾਸਪੁਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਹਨ ਤੇ ਹੁਣ ਸੰਨੀ ਦਿਓਲ 2024 ਦੀਆਂ ਲੋਕ ਸਭਾ ਚੋਣਾਂ ਨਹੀਂ ਲੜਨਾ ਚਾਹੁੰਦੇ। ਫਿਲਮ 'ਗਦਰ-2' ਦੇ ਬਾਕਸ ਆਫਿਸ 'ਤੇ ਹਿੱਟ ਹੋਣ ਤੋਂ ਬਾਅਦ ਸੰਨੀ ਦਿਓਲ ਨੇ ਰਾਜਨੀਤੀ ਛੱਡ ਕੇ ਫਿਲਮੀ ਅਦਾਕਾਰ ਵਜੋਂ ਕੰਮ ਕਰਨ ਦਾ ਮਨ ਬਣਾ ਲਿਆ ਹੈ। ਜਿਸ ਦੇ ਚੱਲਦੇ ਸੰਨੀ ਦਿਓਲ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਹੈ ਕਿ ਉਹ ਰਾਜਨੀਤੀ 'ਚ ਨਹੀਂ ਰਹਿਣਗੇ ਅਤੇ 2024 ਦੀਆਂ ਚੋਣਾਂ ਨਹੀਂ ਲੜਨਗੇ।
ਲੋਕਾਂ ਨੇ ਦਿੱਤਾ ਸੀ ਫਤਵਾ: ਹਿੰਦੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਸੰਨੀ ਦਿਓਲ ਜਦੋਂ ਆਪਣਾ ਸਿਆਸੀ ਕੈਰੀਅਰ ਸ਼ੁਰੂ ਕਰਦਿਆਂ 2019 ਵਿੱਚ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉੱਤਰੇ ਸਨ ਤਾਂ ਲੋਕਾਂ ਨੇ ਉਨ੍ਹਾਂ ਵਿੱਚ ਅਸਲੀ ਹੀਰੋ ਦੇਖਿਆ ਸੀ। ਲੋਕਾਂ ਨੇ ਉਮੀਦ ਜਤਾਈ ਸੀ ਕਿ ਵਿਨੋਦ ਖੰਨਾ ਦੀ ਤਰ੍ਹਾਂ ਉਹ ਵੀ ਹਲਕੇ ਦੇ ਵਿਕਾਸ ਲਈ ਕੁਝ ਵੱਖਰਾ ਕਰ ਕੇ ਦਿਖਾਉਣਗੇ। ਸੰਨੀ ਦਿਓਲ ਨੇ ਵੀ ਚੋਣ ਪ੍ਰਚਾਰ ਦੌਰਾਨ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਇਸੇ ਕਾਰਨ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵੋਟਰਾਂ ਨੇ ਉਨ੍ਹਾਂ ਨੂੰ 84 ਹਜ਼ਾਰ ਦੀ ਭਾਰੀ ਲੀਡ ਨਾਲ ਜਿਤਾਇਆ ਸੀ ਪਰ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨਾ ਤਾਂ ਦੂਰ ਸੰਨੀ ਦਿਓਲ ਨੇ ਹਲਕੇ ਦੇ ਲੋਕਾਂ ਨੂੰ ਆਪਣੀ ਸ਼ਕਲ ਤੱਕ ਦਿਖਾਉਣਾ ਜਰੂਰੀ ਨਹੀਂ ਸਮਝਿਆ।
ਹਲਕੇ ਤੋਂ ਰਹੇ ਗੈਰ ਹਾਜ਼ਰ: ਲਗਭਗ 4 ਸਾਲਾਂ ਤੋਂ ਸੰਨੀ ਦਿਓਲ ਹਲਕੇ ਵਿੱਚ ਨਹੀਂ ਆਏ ਅਤੇ ਲੋਕ ਸਭਾ ਦੇ ਸੈਸ਼ਨ ਵਿੱਚ ਵੀ ਜਿਆਦਾਤਰ ਗੈਰ ਹਾਜ਼ਰ ਦਿਖਾਈ ਦਿੱਤੇ, ਜਦ ਕਿ ਲੋਕਾਂ ਨੂੰ ਉਮੀਦ ਸੀ ਕਿ ਉਹ ਹਲਕੇ ਦੀਆਂ ਸਮੱਸਿਆਵਾਂ ਸੈਸ਼ਨ ਵਿੱਚ ਚੁੱਕਣਗੇ। ਸੰਨੀ ਦਿਓਲ ਦੇ ਅਜਿਹੇ ਰਵਈਏ ਕਾਰਨ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ ਵਿਚ ਉਨ੍ਹਾਂ ਪ੍ਰਤੀ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਗੁਰਦਾਸਪੁਰ ਦੇ ਇਕ ਨੌਜਵਾਨ ਅਮਰਜੋਤ ਸਿੰਘ ਅਤੇ ਕਿਸਾਨ ਆਗੂ ਇੰਦਰਪਾਲ ਸਿੰਘ ਬੈਂਸ ਨੇ ਸੰਨੀ ਦਿਓਲ ਦੇ ਖ਼ਿਲਾਫ ਮੋਰਚਾ ਖੋਲ੍ਹਿਆ ਸੀ ਅਤੇ ਕਈ ਵਾਰ ਸੰਨੀ ਦਿਓਲ ਦੀ ਗੁਮਸ਼ੁਦਗੀ ਦੇ ਪੋਸਟਰ ਸ਼ਹਿਰ ਅੰਦਰ ਲਗਾਏ ਸਨ ਤੇ ਸਾੰਸਦ ਸੰਨੀ ਦਿਓਲ ਕੋਲੋਂ ਉਨ੍ਹਾਂ ਦੇ ਸਰਕਾਰੀ ਨਿਵਾਸ ਸਮੇਤ ਸਾਰੀਆਂ ਸਰਕਾਰੀ ਸਹੂਲਤਾਂ ਵਾਪਸ ਲੈਣ ਦੇ ਨਾਲ-ਨਾਲ ਉਨ੍ਹਾਂ ਨੂੰ ਮਿਲਦੀ ਤਨਖਾਹ ਅਤੇ ਸਰਕਾਰੀ ਭੱਤੇ ਬੰਦ ਕਰਨ ਦੀ ਮੰਗ ਕਰਦਿਆਂ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖੀ ਸੀ।
ਹੁਣ ਨਹੀਂ ਲੜਨਗੇ ਚੋਣਾਂ: ਆਖਿਰਕਾਰ ਹੁਣ ਸੰਨੀ ਦਿਓਲ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਹੁਣ ਉਹ ਕੋਈ ਵੀ ਚੋਣਾਂ ਨਹੀਂ ਲੜਣਗੇ। ਉਨ੍ਹਾਂ ਕਿਹਾ ਕਿ ਉਹ ਸਿਰਫ ਅਦਾਕਾਰ ਦੇ ਤੌਰ 'ਤੇ ਹੀ ਬਣੇ ਰਹਿਣਗੇ ਤੇ ਤੁਸੀਂ ਇਕ ਸਮੇਂ ਇਕ ਹੀ ਕੰਮ ਕਰ ਸਕਦੇ ਹੋ, ਸਾਰੇ ਕੰਮ ਇਕੱਠੇ ਨਹੀ ਹੋ ਸਕਦੇ । ਜਦੋਂ ਮੈਂ ਰਾਜਨੀਤੀ ਵਿੱਚ ਆਇਆ ਸੀ, ਮੈਂ ਸੋਚਿਆ ਸੀ ਕਿ ਅਜਿਹੀਆਂ ਚੀਜ਼ਾਂ ਹੋਣਗੀਆਂ, ਪਰ ਮੈਂ ਇੱਕ ਅਦਾਕਾਰ ਦੇ ਰੂਪ ਵਿੱਚ ਉਹ ਚੀਜ਼ਾਂ ਕਰ ਸਕਦਾ ਹਾਂ ਕਿਉਂਕਿ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ।
ਸਿਆਸਤ ਤੋਂ ਵੀ ਰੱਖਾਂਗਾ ਦੂਰੀ: ਸੰਨੀ ਦਿਓਲ ਨੇ ਕਿਹਾ ਕਿ ਅਦਾਕਾਰ ਹੋਣ ਦੇ ਨਾਤੇ ਜੋ ਮੇਰਾ ਦਿਲ ਚਾਹੁੰਦਾ ਹੈ ਉਹ ਕਰ ਸਕਦਾ ਹਾਂ। ਰਾਜਨੀਤੀ ਵਿੱਚ ਜੋ ਮੈਂ ਨਹੀਂ ਕਰਨਾ ਚਾਹੁੰਦਾ ਜੇਕਰ ਮੈਂ ਕਹਾਂ ਕੀ ਮੈਂ ਕਰਾਂਗਾ ਉਹ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜਦੋਂ ਮੈਂ ਪਾਰਲੀਮੈਂਟ ਵਿੱਚ ਜਾਂਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਇੱਥੇ ਦੇਸ਼ ਨੂੰ ਚਲਾਉਣ ਵਾਲੇ ਲੋਕ ਬੈਠੇ ਹਨ। ਸਾਰੀਆਂ ਪਾਰਟੀਆਂ ਦੇ ਆਗੂ ਬੈਠੇ ਹਨ, ਪਰ ਉਹ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ ਅਤੇ ਅਸੀਂ ਦੂਜਿਆਂ ਨੂੰ ਕਹਿੰਦੇ ਹਾਂ ਕਿ ਅਜਿਹਾ ਵਿਹਾਰ ਨਾ ਕਰੋ।
- ਚੰਡੀਗੜ੍ਹ 'ਚ ਦਾਖਿਲ ਹੋਣ ਦੀ ਕਿਸਾਨਾਂ ਨੇ ਕੀਤੀ ਤਿਆਰੀ, ਟ੍ਰਾਈਸਿਟੀ ਛਾਉਣੀ 'ਚ ਤਬਦੀਲ, ਪੁਲਿਸ ਨੇ ਬੰਦ ਕੀਤੇ ਐਂਟਰੀ ਪੁਆਇੰਟ
- Punjab Floods: ਬੰਨ੍ਹ ਟੁੱਟਣ ਕਾਰਣ ਫਸਲਾਂ ਹੋਈਆਂ ਤਬਾਹ, ਕਿਸਾਨਾਂ ਨੇ ਪ੍ਰਸ਼ਾਸਨ ਉੱਤੇ ਸਾਰ ਨਾ ਲੈਣ ਦੇ ਲਾਏ ਇਲਜ਼ਾਮ
- ਮੂਸੇਵਾਲਾ ਨੂੰ ਝਾਰਖੰਡ ਦੇ ਪੁਲਿਸ ਅਫਸਰ ਨੇ ਕਿਹਾ ਅੱਤਵਾਦੀ, ਵਿਰੋਧ ਮਗਰੋਂ ਐੱਸਐੱਚਓ ਨੇ ਮੰਗੀ ਮੁਆਫ਼ੀ
ਅਦਾਕਾਰ ਵਜੋਂ ਮੇਰੀ ਪਹਿਚਾਣ ਬਣੀ ਰਹੇਗੀ: ਸੰਨੀ ਦਿਓਲ ਦਾ ਕਹਿਣਾ ਕਿ ਜਦੋਂ ਚੀਜ਼ਾਂ ਠੀਕ ਨਹੀਂ ਲੱਗਦੀਆਂ, ਤਾਂ ਮੈਨੂੰ ਲੱਗਦਾ ਹੈ ਕਿ ਕਿਤੇ ਹੋਰ ਚਲਾ ਜਾਵਾਂ। ਮੈਂ ਹੁਣ 2024 ਵਿੱਚ ਕੋਈ ਚੋਣ ਨਹੀਂ ਲੜਾਂਗਾ। ਅਦਾਕਾਰ ਵਜੋਂ ਮੇਰੀ ਪਹਿਚਾਣ ਬਣੀ ਰਹੇਗੀ। ਮੈਂ ਇਸੇ ਤਰ੍ਹਾਂ ਦੇਸ਼ ਦੀ ਸੇਵਾ ਕਰਦਾ ਰਹਾਂਗਾ। ਮੈਨੂੰ ਯਕੀਨ ਹੈ ਕਿ ਇੱਕ ਅਦਾਕਾਰ ਹੋਣ ਦੇ ਨਾਤੇ ਮੈਂ ਨੌਜਵਾਨਾਂ ਅਤੇ ਦੇਸ਼ ਦੀ ਬਿਹਤਰ ਸੇਵਾ ਕਰ ਸਕਦਾ ਹਾਂ।
ਪਰਿਵਾਰ ਦੇ ਅਨੁਕੂਲ ਨਹੀਂ ਸਿਆਸਤ: ਸੰਨੀ ਦਿਓਲ ਨੇ ਕਿਹਾ ਕਿ ਰਾਜਨੀਤੀ ਉਨ੍ਹਾਂ ਦੇ ਪਰਿਵਾਰ ਦੇ ਅਨੁਕੂਲ ਨਹੀਂ ਹੈ। ਸੰਨੀ ਦਿਓਲ ਨੇ ਕਿਹਾ ਕਿ ਜੇਕਰ ਭਾਜਪਾ ਉਨ੍ਹਾਂ ਨੂੰ 2024 ਦੀਆਂ ਚੋਣਾਂ ਲੜਨ ਲਈ ਕਹੇਗੀ ਤਾਂ ਉਹ ਇਨਕਾਰ ਕਰ ਦੇਣਗੇ। ਜੋ ਉਹ ਨਹੀਂ ਕਰ ਸਕਦੇ, ਉਨ੍ਹਾਂ ਨੇ ਇੱਕ ਵਾਰ ਕੋਸ਼ਿਸ਼ ਕੀਤੀ ਹੈ। ਉਹ ਰਾਜਨੀਤੀ ਨਹੀਂ ਕਰ ਸਕਦਾ ਅਤੇ ਨਹੀਂ ਕਰਨਾ ਚਾਹੁੰਦਾ। ਇਹ ਉਨ੍ਹਾਂ ਦੀ ਇੱਛਾ ਹੈ।