ਗੁਰਦਾਸਪੁਰ : ਮਕੌੜਾ ਪੱਤਣ (ਰਾਵੀ ਦਰਿਆ) ਤੋਂ ਪਾਰ ਦੇ ਇਲਾਕੇ ਦੇ ਸਰਹੱਦੀ ਪਿੰਡ ਹੋਣ ਕਾਰਨ, ਉੱਥੋ ਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੀ ਬਹੁਤੀ ਵਾਰ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਦੇ ਪਿੰਡਾ ਵੱਲ ਕੋਈ ਵੀ ਅਧਿਕਾਰੀ ਜਾਂ ਪ੍ਰਸ਼ਾਸਨ ਧਿਆਨ ਹੀ ਨਹੀਂ ਕਰਦਾ ਹੈ। ਇਸੇ ਵਿਚਾਲੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਮਕੌੜਾ ਪੱਤਣ (ਰਾਵੀ ਦਰਿਆ) ਤੋਂ ਪਾਰ ਦੇ ਇਲਾਕੇ ਦੇ ਸਰਹੱਦੀ ਪਿੰਡਾਂ ਦਾ ਦੌਰਾ ਕਰਦਿਆਂ, ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ। ਉੱਥੇ ਹੀ, ਮੁਸ਼ਕਲਾਂ ਨੂੰ ਸਮਝਦੇ ਹੋਏ ਡੀਸੀ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਦੀ ਹੱਲ ਕਰਨਾ ਯਕੀਨੀ ਬਣਾਇਆ।
ਪੁੱਲ੍ਹ ਤੇ ਦਰਿਆ ਪਾਰ ਸੰਪਰਕ ਸੜਕਾਂ ਦੇ ਕੰਮ ਮੁਕੰਮਲ ਕਰਨ ਦੇ ਨਿਰਦੇਸ਼ : ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਮਕੌੜਾ ਪੱਤਣ ਵਿਖੇ ਬਣਨ ਵਾਲੇ ਹਾਈ ਲੈਵਲ ਬਰਿੱਜ ਸਬੰਧੀ ਲੋਕ ਨਿਰਮਾਣ ਵਿਭਾਗ, ਡਰੇਨਜ ਅਤੇ ਬੀ.ਐੱਸ.ਐੱਫ. ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੁਲ ਦੇ ਪ੍ਰੋਜੈਕਟ ਸਬੰਧੀ ਜੋ ਵੀ ਕਾਰਵਾਈ ਕੀਤੀ ਜਾਣੀ ਹੈ, ਉਸ ਨੂੰ ਬਿਨ੍ਹਾਂ ਕਿਸੇ ਦੇਰੀ ਮੁਕੰਮਲ ਕੀਤਾ ਜਾਵੇ, ਤਾਂ ਜੋ ਇਥੇ ਜਲਦ ਤੋਂ ਜਲਦ ਪੁਲ ਦਾ ਨਿਰਮਾਣ ਸ਼ੁਰੂ ਹੋ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਰਾਵੀ ਅਤੇ ਉੱਜ ਦਰਿਆ ਦੇ ਕਿਨਾਰੇ ਬਣੇ ਸਪੱਰਾਂ ਨੂੰ ਹੋਏ ਨੁਕਸਾਨ ਦਾ ਜਾਇਜਾ ਲਿਆ ਗਿਆ ਅਤੇ ਡਰੇਨਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨੁਕਸਾਨੇ ਗਏ ਸਪੱਰਾਂ ਦੀ ਮੁਰੰਮਤ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਮੰਡੀ ਬੋਰਡ ਦੇ ਐਕਸੀਅਨ ਨੂੰ ਦਰਿਆ ਪਾਰ ਸੰਪਰਕ ਸੜਕਾਂ ਬਣਾਉਣ ਦੇ ਨਿਰਦੇਸ਼ ਦਿੱਤੇ।
ਸਰਹੱਦੀ ਪਿੰਡਵਾਸੀਆਂ ਦੀਆਂ ਸੁਣੀਆਂ ਮੁਸ਼ਕਲਾਂ : ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵੱਲੋਂ ਪਿੰਡ ਭਰਿਆਲ ਵਿਖੇ ਸਰਹੱਦੀ ਪਿੰਡਾਂ ਦੇ ਵਸਨੀਕਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ। ਮਕੌੜਾ ਪੱਤਣ ਤੋਂ ਪਾਰ ਦੇ ਵਸਨੀਕਾਂ ਨੇ ਦਰਿਆ ਰਾਵੀ ’ਤੇ ਪੁਲ ਬਣਾਉਣ ਦੀ ਮੰਗ ਸਮੇਤ ਸਿੱਖਿਆ ਤੇ ਸਿਹਤ ਸਬੰਧੀ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਇਸ ਸਰਹੱਦੀ ਖੇਤਰ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਰਾਵੀ ਦਰਿਆ ਉੱਪਰ ਪੁਲ ਬਣਾਉਣ ਸਬੰਧੀ ਸਾਰੀਆਂ ਜਰੂਰੀ ਕਾਰਵਾਈਆਂ ਨੂੰ ਜਲਦ ਹੀ ਮੁਕੰਮਲ ਕਰਨ ਤੋਂ ਬਾਅਦ ਪੁਲ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ।
ਸਰਹੱਦੀ ਖੇਤਰ 'ਚ ਮੋਬਾਈਲ ਇੰਟਰਨੈੱਟ ਤੇ ਸਿੱਖਿਆ ਸਹੂਲਤਾਂ 'ਚ ਸੁਧਾਰ : ਡੀਸੀ ਹਿਮਾਂਸ਼ੂ ਨੇ ਕਿਹਾ ਕਿ ਇਸ ਖੇਤਰ ਵਿੱਚ ਸਿਹਤ ਤੇ ਸਿੱਖਿਆ ਸਹੂਲਤਾਂ ਵਿੱਚ ਸੁਧਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਇਸ ਇਲਾਕੇ ਵਿੱਚ ਮੋਬਾਇਲ ਤੇ ਇੰਟਰਨੈਟ ਕਵਰੇਜ ਦੀ ਸਹੂਲਤ ਵੀ ਉਪਲੱਬਧ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਖੇਤਰ ਦੇ ਲੋਕਾਂ ਨਾਲ ਲਗਾਤਾਰ ਰਾਬਤਾ ਰੱਖ ਰਿਹਾ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਬੀ.ਐੱਸ.ਐੱਫ ਅਧਿਕਾਰੀਆਂ ਦੇ ਨਾਲ ਅੰਤਰਰਾਸ਼ਟਰੀ ਸਰਹੱਦ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਵੀ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਦੀਨਾਨਗਰ ਪਰਮਪ੍ਰੀਤ ਸਿੰਘ ਗੁਰਾਇਆ, ਐਕਸੀਅਨ ਮੰਡੀ ਬੋਰਡ ਬਲਦੇਵ ਸਿੰਘ, ਬੀ.ਐੱਸ.ਐੱਫ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।