ਗੁਰਦਾਸਪੁਰ: ਪੰਜਾਬ 'ਚ ਹੜ੍ਹਾਂ ਦਾ ਕਹਿਰ ਲਗਾਤਾਰ ਜਾਰੀ ਹੈ। ਚਾਹੇ ਮਾਝਾ, ਮਾਲਵਾ ਜਾਂ ਦੋਆਬਾ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਇਹ ਪਾਣੀ ਕਿਸਾਨਾਂ, ਮਜ਼ਦੂਰਾਂ ਦੀਆਂ ਉਮੀਦਾਂ ਵੀ ਆਪਣੇ ਨਾਲ ਵਹਾਅ ਕੇ ਲੈ ਗਿਆ ਹੈ। ਹੁਣ ਇਸ ਪਾਣੀ ਦੀ ਤਬਾਹੀ ਦਾ ਡਰ ਗਰਦਾਸਪੁਰ ਦੇ ਲੋਕਾਂ ਨੂੰ ਵੀ ਸਤਾਉਣ ਲੱਗਾ ਹੈ। ਇਸ ਦਾ ਕਾਰਨ ਉੱਜ ਦਰਿਆ ਵਿੱਚੋਂ ਛੱਡਿਆ ਜਾਣ ਵਾਲਾ ਪਾਣੀ ਹੈ। ਉੱਜ ਦਰਿਆ ਤੋਂ 2.60 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਜਿਸ ਤੋਂ ਬਾਅਦ ਮਕੌੜਾ ਪਤਨ ਰਾਵੀ ਦਰਿਆ 'ਤੇ ਪਾਣੀ ਦਾ ਪੱਧਰ ਵੱਧਣ ਲੱਗਾ ਹੈ।
ਗੁਰਦਾਸਪੁਰ 'ਚ ਧੁੱਸੀ ਬੰਨ੍ਹ ਟੁੱਟਣ ਕਾਰਨ ਲਾਂਘੇ 'ਚ ਪਹੁੰਚਿਆ ਪਾਣੀ: ਧੁੱਸੀ ਬੰਨ੍ਹ ਟੁੱਟਣ ਕਾਰਨ ਡੇਰਾ ਬਾਬਾ ਨਾਨਕ ਨੇੜੇ ਕਰਤਾਰ ਲਾਂਘੇ ਨੂੰ ਜਾਣ ਵਾਲੇ ਰਸਤੇ ਵਿੱਚ ਰਾਵੀ ਦਰਿਆ ਦਾ ਪਾਣੀ ਭਰ ਗਿਆ ਹੈ। ਅਜਿਹੇ 'ਚ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ 'ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ। ਪਾਕਿਸਤਾਨ ਵਾਲੇ ਪਾਸੇ ਤੋਂ ਰਾਵੀ ਦਰਿਆ ਦਾ ਪਾਣੀ ਕਰਤਾਰਪੁਰ ਲਾਂਘੇ ਦੇ ਨਾਲ ਧੁੱਸੀ ਡੈਮ ਵੱਲ ਜਾਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ: ਦੱਸ ਦਈਏ ਕਿ ਮਕੌੜਾ ਪੱਤਣ ਰਾਵੀ ਦਰਿਆ 'ਤੇ ਪਾਣੀ ਦਾ ਪੱਧਰ ਵੱਧਣ ਕਾਰਨ ਜੇਕਰ ਹੜਹ ਵਰਗੀ ਸਥਿਤੀ ਬਣਦੀ ਹੈ ਤਾਂ ਉਸ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜਾਮ ਕੀਤੇ ਗਏ ਹਨ ਅਤੇ ਮਕੌੜਾ ਪੱਤਣ ਰਾਵੀ ਦਰਿਆ ਦੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਐਨਡੀਆਰਐਫ, ਆਰਮੀ, ਐਸਡੀਆਰਐਫ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਆਰਮੀ ਦੇ ਜਵਾਨਾਂ ਵਲੋਂ ਡਰੋਨ ਦੇ ਜਰੀਏ ਪਿੰਡਾਂ ਦਾ ਜਾਇਜਾ ਲਿਆ ਜਾ ਰਿਹਾ ਹੈ ਅਤੇ ਦੇਖਿਆ ਜਾ ਰਿਹਾ ਹੈ ਕਿ ਪਾਣੀ ਕਿਹੜੇ ਪਿੰਡਾਂ ਤੱਕ ਮਾਰ ਕਰ ਚੁੱਕਾ ਹੈ ਅਤੇ ਰਾਵੀ ਦਰਿਆ ਤੋਂ ਪਾਰ ਵੱਸਦੇ ਸੱਤ ਪਿੰਡਾਂ ਦੇ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਦੇ ਲਈ ਪੁਖਤਾ ਇੰਤਜ਼ਾਮ ਕੀਤੇ ਜਾ ਚੁੱਕੇ ਹਨ।
ਹਾਲਾਤਾਂ ਦਾ ਜਾਇਜ਼ਾ: ਇਸ ਸਬੰਧੀ ਜਾਣਕਾਰੀ ਮਕੌੜਾ ਪੱਤਣ ਰਾਵੀ ਦਰਿਆ 'ਤੇ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਸਹਾਇਕ ਕਮਿਸ਼ਨਰ ਸਚਿਨ ਪਾਠਕ ਨੇ ਦੱਸਿਆ ਕਿ ਉੱਜ ਦਰਿਆ ਤੋਂ ਛੱਡਿਆ ਪਾਣੀ ਰਾਵੀ ਦਰਿਆ ਨੇੜੇ ਸਥਿੱਤ ਲੋਕਾਂ ਦੇ ਖੇਤਾਂ ਤੱਕ ਹੀ ਪਹੁੰਚਿਆ ਹੈ । ਉਹਨਾਂ ਦੱਸਿਆ ਕਿ ਸਥਿਤੀ ਬਿਲਕੁਲ ਕਾਬੂ ਵਿੱਚ ਅਤੇ ਮਕੌੜਾ ਪੱਤਣ ਰਾਵੀ ਦਰਿਆ ਦੇ ਨੇੜੇ ਤੇੜੇ ਕਿਸੇ ਵੀ ਪਿੰਡਾਂ ਨੂੰ ਖਾਲੀ ਨਹੀਂ ਕੀਤਾ ਗਿਆ ਸਿਰਫ ਦਰਿਆ ਦੇ ਨੇੜੇ ਗੁੱਜਰਾਂ ਦੀ ਬਰਾਦਰੀ ਨੂੰ ਹੀ ਉਠਾਇਆ ਗਿਆ ਹੈ ਅਤੇ ਉਹਨਾਂ ਦੇ ਪਸ਼ੂਆਂ ਨੂੰ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਬਣਾਏ ਸ਼ੈਲਟਰ ਹੋਮ ਵਿੱਚ ਬਿਠਾਇਆ ਗਿਆ ਹੈ । ਉਹਨਾਂ ਦੱਸਿਆ ਕਿ ਲੋਕਾਂ ਦੀ ਸਹਾਇਤਾ ਦੇ ਲਈ ਐਨਡੀਆਰਐਫ, ਆਰਮੀ, ਐਸਡੀਆਰਐਫ ਦੇ ਜਵਾਨਾਂ ਦੀਆਂ ਕੁੱਝ ਟੁਕੜੀਆਂ ਬੁਲ੍ਹੀਆਂ ਗਈਆਂ ਹਨ। ਜਿਨ੍ਹਾਂ ਵੱਲੋਂ ਡਰੌਨ ਦੇ ਜ਼ਰੀਏ ਆਸ ਪਾਸ ਦੇ ਪਿੰਡਾਂ ਉੱਪਰ ਨਜ਼ਰ ਰੱਖੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਰਾਵੀ ਦਰਿਆ ਤੋਂ ਪਾਰ ਵੱਸਦੇ ਸੱਤ ਪਿੰਡ ਭਰਿਆਲ, ਤੂਰਬਾਨੀ, ਰਾਏਪੁਰ ਚਿੱਬ, ਮੰਮੀ ਚਕਰੰਗਾਂ, ਕਜਲੇ, ਝੁੰਬਰ, ਲਸਿਆਣ ਆਦਿ ਪਿੰਡ ਉੱਚੇ ਹੋਣ ਕਰਕੇ ਦਰਿਆ ਦਾ ਪਾਣੀ ਇਸ ਇਲਾਕ਼ੇ ਵਿਚ ਨਹੀਂ ਪਹੁੰਚਿਆ ਪਰ ਜੇਕਰ ਪਾਣੀ ਇਨ੍ਹਾਂ ਪਿੰਡਾਂ ਵਿੱਚ ਪਹੁੰਚਦਾ ਹੈ ਤਾਂ ਜਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪੁੱਖਤਾ ਇੰਤਜ਼ਾਮ ਕੀਤੇ ਗਏ ਹਨ।