ਗੁਰਦਾਸਪੁਰ: ਪਿੰਡ ਤਲਵੰਡੀ ਬਥੂਨਗੜ੍ਹ ਵਿੱਚ ਦੇਰ ਰਾਤ ਗੱਡੀ ਨੂੰ ਰਸਤਾ ਨਾ ਦੇਣ ਕਾਰਨ ਦੋ ਗੁਟਾਂ ਵਿਚਾਲੇ ਝੜਪ ਹੋ ਗਈ। ਨੌਜਵਾਨ ਨੇ ਦੂਜੇ ਗੁੱਟ ਦੇ ਨੌਜਵਾਨ ਕੁਲਦੀਪ ਸਿੰਘ ਦੀ ਲੱਤ 'ਤੇ ਮਾਰੀ ਗੋਲ਼ੀ ਮਾਰ ਦਿੱਤੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ।
ਜ਼ਖਮੀ ਨੌਜਵਾਨ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਜੇਸੀਬੀ ਚਲਾਉਣ ਦਾ ਕੰਮ ਕਰਦਾ ਹੈ ਤੇ ਦੇਰ ਰਾਤ ਉਹ ਕੰਮ ਖ਼ਤਮ ਕਰਕੇ ਆਪਣੇ ਪਿੰਡ ਨੂੰ ਵਾਪਿਸ ਜਾ ਰਿਹਾ ਸੀ ਤਾਂ ਰਸਤੇ ਵਿੱਚ ਕੁੱਝ ਨੌਜਵਾਨ ਗੱਡੀ ਲਗਾ ਕੇ ਖੜੇ ਸੀ, ਜਦੋਂ ਉਨ੍ਹਾਂ ਨੇ ਗੱਡੀ ਰਸਤੇ ਵਿਚੋਂ ਨਹੀਂ ਹਟਾਈ ਤਾਂ ਦੋਵਾਂ ਵਿੱਚ ਝਗੜਾ ਹੋ ਗਿਆ।
ਇੰਨੇ ਵਿੱਚ ਇਕ ਨੌਜਵਾਨ ਨੇ ਗੱਡੀ ਵਿਚੋਂ ਨਿਕਲਿਆ ਤੇ ਕੁਲਦੀਪ ਸਿੰਘ ਦੀ ਲੱਤ 'ਤੇ ਗੋਲੀ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਹਮਲਾਵਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਬ੍ਰਿਜ ਮੋਹਨ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਤੋਂ ਸੂਚਨਾ ਮਿਲੀ ਸੀ ਕਿ ਪਿੰਡ ਵਿੱਚ ਕੁਝ ਨੌਜਵਾਨਾਂ ਨੇ ਫਾਇਰਿੰਗ ਕੀਤੀ ਹੈ ਤੇ ਮੌਕੇ 'ਤੇ ਪਹੁੰਚ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇੱਕ ਨੌਜਵਾਨ ਜ਼ਖਮੀ ਹੋਇਆ ਹੈ ਜਿਸ ਦੇ ਵੀ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।