ਗੁਰਦਾਸਪੁਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਗੁਰਦਾਸਪੁਰ ਰੇਲਵੇ ਸਟੇਸ਼ਨ ਅਤੇ ਅਮ੍ਰਿਤਸਰ ਪਠਾਨਕੋਟ ਰੇਲਵੇ ਟਰੈਕ ਨੂੰ ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤਾ ਹੈ। ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਰੇਲਵੇ ਲਾਈਨਾਂ ਨੂੰ ਉਹ ਕੋਈ ਅਣਖ ਪੁਗਾਉਣ ਲਈ ਜਾਮ ਨਹੀਂ ਕਰ ਰਹੇ ਸਗੋਂ ਸਰਕਾਰ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ ਜਿਸ ਕਰਕੇ ਉਨ੍ਹਾਂ ਵੱਲੋਂ ਇਸ ਅਣਮਿੱਥੇ ਜਾਮ ਦਾ ਫੈਸਲਾ ਲਿਆ ਗਿਆ ਹੈ।
ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਲਈ ਸੰਘਰਸ਼: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਸਵਿੰਦਰ ਸਿੰਘ ਚੌਤਾਲਾ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ 30 ਜਨਵਰੀ ਨੂੰ ਜਦੋਂ ਬਟਾਲਾ ਵਿੱਚ ਕਿਸਾਨਾਂ ਵੱਲੋਂ ਰੇਲਵੇ ਟਰੈਕ ਜਾਮ ਕੀਤਾ ਗਿਆ ਸੀ ਤਾਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਉਸ ਸਮੇਂ ਇਹ ਕਹਿ ਕੇ ਸੰਘਰਸ਼ ਖਤਮ ਕਰਵਾ ਦਿੱਤਾ ਗਿਆ ਸੀ ਕਿ 15 ਫਰਵਰੀ ਤੱਕ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢ ਲਿਆ ਜਾਵੇਗਾ ਪਰ ਕਿਸਾਨ 15 ਫਰਵਰੀ ਤੋਂ ਪੂਰੇ ਇੱਕ ਹਫਤੇ ਬਾਅਦ ਦੁਬਾਰਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਉਨ੍ਹਾਂ ਦੇ ਵਾਅਦੇ ਯਾਦ ਕਰਵਾਉਣ ਲਈ ਰੇਲ ਰੋਕ ਰਹੇ ਹਨ। ਉਨ੍ਹਾਂ ਕਿਹਾ ਕਿਸਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਗੰਨੇ ਦੇ ਬਕਾਏ ਨੂੰ ਲੈ ਕੇ ਹੈ ਜੋ ਕਿ ਇੱਕ ਹਜ਼ਾਰ ਕਰੋੜ ਰੁਪਏ ਦੇ ਕਰੀਬ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਹੈ ਅਤੇ ਉਹ ਸਿਰਫ਼ ਫ਼ਸਲ ਦੇ ਸਿਰ ਉੱਤੇ ਹੀ ਹਨ ਅਤੇ ਜੇ ਉਸ ਨੂੰ ਫਸਲ ਦਾ ਮੁੱਲ ਵੀ ਸਮੇਂ ਸਿਰ ਨਹੀਂ ਮਿਲੇਗਾ ਤਾਂ ਫਿਰ ਉਹ ਕਿੱਥੇ ਜਾਵੇਗਾ? ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹਾਈਵੇ ਅਤੇ ਹਾਈਵੇ ਐਕਸਪ੍ਰੈਸ ਵੇਅ ਵਿੱਚ ਆਉਂਦੀਆਂ ਜ਼ਮੀਨਾਂ ਦੇ ਵਾਜਬ ਅਤੇ ਵੇਲੇ ਸਿਰ ਮੁਆਵਜ਼ੇ ਦਵਾਉਣਾ ਵੀ ਇਸ ਸੰਘਰਸ਼ ਦਾ ਮੁੱਖ ਅਜੰਡਾ ਹੈ।
ਨਸ਼ੇ ਦੇ ਵੱਡੇ ਮਗਰਮੱਛਾਂ ਦੇ ਖਿਲਾਫ ਕਾਰਵਾਈ : ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੇ ਵੱਡੇ ਮਗਰਮੱਛਾਂ ਦੇ ਖਿਲਾਫ ਕਾਰਵਾਈ ਕਰਕੇ ਜ਼ਮੀਨੀ ਪੱਧਰ ਉੱਤੇ ਨੌਜਵਾਨਾਂ ਨੂੰ ਬਚਾਉਣਾ ਵੀ ਕਿਸਾਨਾਂ ਦੀ ਲੜਾਈ ਵਿਚ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਿੱਲੋ ਦੇ ਹਿਸਾਬ ਨਾਲ ਨਸ਼ਾ ਫੜ ਰਹੀ ਹੈ ਜਦ ਕਿ ਪੰਜਾਬ ਵਿੱਚ ਟੱਨਾਂ ਦੇ ਹਿਸਾਬ ਨਾਲ ਨਸ਼ਾ ਆ ਰਿਹਾ ਹੈ। ਇਸ ਨੂੰ ਪੁਲਿਸ ਦੀ ਵੱਡੀ ਕਾਮਯਾਬੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਜਦੋਂ ਤੱਕ ਵੱਡੇ ਸੌਦਾਗਰ ਫੜੇ ਨਹੀਂ ਜਾਂਦੇ ਨਸ਼ਾ ਪੰਜਾਬ ਵਿੱਚ ਪੂਰੀ ਤਰਾਂ ਨਾਲ ਖ਼ਤਮ ਨਹੀਂ ਹੋ ਸਕਦਾ। ਦੂਜੇ ਪਾਸੇ ਸਥਾਨਕ ਸਟੇਸ਼ਨ ਮਾਸਟਰ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਪਹਿਲਾਂ ਹੀ ਰੇਲਵੇ ਟਰੈਕ ਨੂੰ ਜਾਮ ਕਰਨ ਸਬੰਧੀ ਸੂਚਨਾ ਦੇ ਦਿੱਤੀ ਸੀ ਜਿਸ ਕਾਰਣ ਹੁਣ ਤੱਕ 10 ਦੇ ਕਰੀਬ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਇਸ ਜਾਮ ਨਾਲ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਕਿਸਾਨਾਂ ਨੇ ਮਾਮਲੇ ਉੱਤੇ ਜਵਾਬ ਦਿੰਦਿਆਂ ਕਿਹਾ ਕਿ ਯਾਤਰੀਆਂ ਦੀ ਪਰੇਸ਼ਾਨੀ ਦਾ ਉਨ੍ਹਾਂ ਨੂੰ ਦੁੱਖ ਹੈ ਪਰ ਉਹ ਆਮ ਲੋਕਾਂ ਦੇ ਮਸਲੇ ਚੁੱਕਣ ਲਈ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਜਾਮ ਲਗਾ ਰਹੇ ਹਨ।
ਇਹ ਵੀ ਪੜ੍ਹੋ: Komi Insaf Morcha: ਡੀਐੱਮਸੀ ਲੁਧਿਆਣਾ ਤੋਂ ਬਾਪੂ ਸੂਰਤ ਸਿੰਘ ਨੂੰ ਲੈਣ ਪਹੁੰਚਿਆ ਕੌਮੀ ਇਨਸਾਫ ਮੋਰਚਾ, ਪੁਲਿਸ ਨੇ ਡੱਕਿਆ ਰਾਹ