ਗੁਰਦਾਸਪੁਰ: ਸੂਬੇ ਵਿੱਚ ਹੋਇਆ ਵਿਧਾਨ ਸਭਾ ਚੋਣਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਬੁੱਧ ਸਿੰਘ ਦੇ ਘਰ ਪਹੁੰਚ ਕੇ ਕਿਸਾਨ ਕਰਜ਼ਾ ਮੁਆਫ਼ੀ ਦੀ ਮੁਹਿੰਮ ਤਹਿਤ ਫਾਰਮ ਭਰਵਾਇਆ ਸੀ। ਜਿਸ ਨੂੰ ਆਧਾਰ ਬਣਾ ਕੇ ਕਾਂਗਰਸ ਨੇ ਸੂਬੇ ਦੀ ਸੱਤਾ ਹਾਸਲ ਕੀਤੀ। ਪਰ ਹੁਣ ਉਕਤ ਕਿਸਾਨ ਬੁੱਧ ਸਿੰਘ ਨਾਲ ਕਾਂਗਰਸੀ ਵਰਕਰਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਦਿੰਦੇ ਹੋਏ ਕਿਸਾਨ ਬੁੱਧ ਸਿੰਘ ਨੇ ਕਿਹਾ ਕਿ ਉਹ ਬਿਜਲੀ ਦਾ ਬਿੱਲ ਜਮ੍ਹਾਂ ਕਰਵਾਉਣ ਲਈ ਬਿਜਲੀ ਦਫ਼ਤਰ ਗਿਆ ਸੀ ਅਤੇ ਜਦੋਂ ਉਹ ਵਾਪਸ ਘਰ ਪਰਤ ਰਿਹਾ ਸੀ ਤਾਂ ਗੋਲਡੀ ਭੰਮਰਾ ਨੇ ਅਪਣੇ ਸਾਥੀਆਂ ਨਾਲ ਉਸ 'ਤੇ ਹਮਲਾ ਕਰ ਦਿੱਤਾ। ਪੀੜਤ ਕਿਸਾਨ ਨੇ ਕਿਹਾ ਕਿ ਉਸ ਨੂੰ ਜਲੀਲ ਕੀਤਾ ਗਿਆ ਅਤੇ ਉਸ ਨਾਲ ਕੁੱਟਮਾਰ ਕੀਤੀ ਗਈ। ਕੁੱਟਮਾਰ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਤੁਹਾਨੂੰ ਦੱਸ ਦਈਏ ਕਿ ਗੋਲਡੀ ਭੰਮਰਾ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀ ਹਨ ਅਤੇ ਕਾਂਗਰਸ ਕਮੇਟੀ ਦੇ ਸਰਕਲ ਪ੍ਰਧਾਨ।
ਕੀ ਹੈ ਪੂਰਾ ਮਾਮਲਾ
ਦਰਅਸਲ, ਵਿਧਾਨ ਸਭਾ ਚੋਣਾ 2017 ਵੇਲੇ ਕਾਂਗਰਸ ਨੇ ਸੂਬੇ ਦੇ ਕਿਸਾਨਾਂ ਨਾਲ ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ ਸੀ ਅਤੇ ਇਸ ਵਾਅਦੇ ਅਧੀਨ ਗੁਰਦਾਸਪੁਰ ਦੇ ਇੱਕ ਕਿਸਾਨ ਬੁੱਧ ਸਿੰਘ ਘਰ ਪਹੁੰਚ ਕੇ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ 'ਚ ਕਿਸਾਨ ਕਰਜ਼ਾ ਮੁਆਫ਼ੀ ਦਾ ਫਾਰਮ ਭਰੀਆ ਗਿਆ ਸੀ। ਕੈਪਟਨ ਸਰਕਾਰ ਸੱਤਾ ਵਿੱਚ ਆਈ ਅਤੇ ਸੱਤਾ 'ਚ ਆਉਣ ਤੋਂ ਬਾਅਦ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਮੁਹਿੰਮ ਤਹਿਤ ਸੂਬੇ ਦੇ ਕਈ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਗਿਆ ਪਰ ਕਿਸਾਨ ਬੁੱਧ ਸਿੰਘ ਦਾ ਕਰਜ਼ਾ ਮੁਆਫ਼ ਨਹੀਂ ਹੋਇਆ।
ਕਿਸਾਨ ਬੁੱਧ ਸਿੰਘ ਦਾ ਕਰਜ਼ਾ ਮੁਆਫ਼ ਨਾ ਹੋਣ ਦੇ ਚਲਦੇ ਅਕਾਲੀ ਦਲ ਨੇ ਮੌਕਾ ਦੇਖ ਕੈਪਟਨ ਸਰਕਾਰ ਨੂੰ ਕਿਸਾਨੀ ਮੁੱਦੇ 'ਤੇ ਘੇਰਨ ਲਈ ਕਿਸਾਨ ਬੁੱਧ ਸਿੰਘ ਦਾ ਕਰਜ਼ਾ ਮੁਆਫ਼ ਕਰ ਦਿੱਤਾ। ਕਿਸਾਨ ਬੁੱਧ ਸਿੰਘ ਦੇ ਘਰ ਪਹੁੰਚ ਕੇ ਸਾਬਕਾ ਕੈਬਿਨੇਟ ਮੰਤਰੀ ਅਤੇ ਅਕਾਲੀ ਆਗੂ ਵਿਕਰਮ ਮਜੀਠੀਆ ਨੇ ਸੂਬਾ ਸਰਕਾਰ ਨੂੰ ਜਮਕੇ ਘੇਰਿਆ ਸੀ।
ਜਿਸ ਤੋਂ ਬਾਅਦ ਕਾਂਗਰਸੀ ਬੁੱਧ ਸਿੰਘ ਤੋਂ ਕਿੜ ਕੱਢਣ ਲਈ ਲਾਗਾਤਾਰ ਮੌਕਾ ਭਾਲ ਰਹੇ ਸਨ ਅਤੇ ਆਖ਼ਰ ਕਾਰ ਉਨ੍ਹਾਂ ਬੁੱਧ ਸਿੰਘ ਨੂੰ ਕੁੱਟਾਪਾ ਚਾੜ ਹੀ ਦਿੱਤਾ।